Ex president of America - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਆਤਮ ਸਮਰਪਣ ਕਰਨਗੇ। ਉਸ ਉਪਰ ਜਾਰਜੀਆ ਵਿੱਚ ਚੋਣ ਨਤੀਜਿਆਂ ਨੂੰ ਪਲਟਣ ਲਈ ਧੋਖਾਧੜੀ, ਅਤੇ ਜਾਅਲਸਾਜ਼ੀ ਵਰਗੇ ਦੋਸ਼ ਹਨ। ਇਸ ਮਾਮਲੇ 'ਚ ਟਰੰਪ ਤੋਂ ਇਲਾਵਾ 18 ਹੋਰ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਉਨ੍ਹਾਂ ਦੇ ਚੀਫ ਆਫ ਸਟਾਫ ਮਾਰਕ ਮੀਡੋਜ਼ ਨੇ ਆਤਮ ਸਮਰਪਣ ਕਰ ਦਿੱਤਾ ਹੈ। 15 ਅਗਸਤ ਨੂੰ ਅਟਲਾਂਟਾ ਦੀ ਅਦਾਲਤ ਨੇ ਚਾਰਜਸ਼ੀਟ ਦਾਖਲ ਕੀਤੀ ਸੀ। ਚਾਰਜਸ਼ੀਟ 'ਚ ਸ਼ਾਮਲ 41 ਦੋਸ਼ਾਂ 'ਚੋਂ 13 'ਚ ਟਰੰਪ ਦਾ ਨਾਂ ਸ਼ਾਮਲ ਹੈ।


 


ਦੱਸ ਦਈਏ ਕਿ ਅਦਾਲਤ ਨੇ ਟਰੰਪ ਨੂੰ 25 ਅਗਸਤ ਤੱਕ ਆਤਮ ਸਮਰਪਣ ਕਰਨ ਦਾ ਸਮਾਂ ਦਿੱਤਾ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਖਿਲਾਫ 5 ਮਹੀਨਿਆਂ 'ਚ 4 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਉਸ ਦੇ ਨਾਲ ਹੀ ਵ੍ਹਾਈਟ ਹਾਊਸ ਦੇ ਸਾਬਕਾ ਚੀਫ ਆਫ ਸਟਾਫ ਅਤੇ ਨੇਤਾ ਰੂਡਾਲਫ ਗਿਉਲਿਆਨੀ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਜਾਣਬੁੱਝ ਕੇ ਚੋਣਾਂ ਦੇ ਨਤੀਜੇ ਆਪਣੇ ਪੱਖ 'ਚ ਲੈਣ ਦੀ ਕੋਸ਼ਿਸ਼ ਕੀਤੀ। 


ਨਾਲ ਹੀ ਮੁਲਜ਼ਮਾਂ ਨੂੰ ਇੱਕ ਅਪਰਾਧਿਕ ਸੰਗਠਨ ਦੱਸਿਆ ਗਿਆ ਹੈ ਅਤੇ ਝੂਠੇ ਬਿਆਨ ਦੇਣ, ਜਾਅਲਸਾਜ਼ੀ, ਗਵਾਹਾਂ ਨੂੰ ਪ੍ਰਭਾਵਿਤ ਕਰਨ, ਰਾਜ ਨੂੰ ਧੋਖਾ ਦੇਣ ਦੀ ਸਾਜ਼ਿਸ਼, ਚੋਰੀ ਅਤੇ ਝੂਠ ਬੋਲਣਾ ਦੋਸ਼ਾਂ ਦੇ ਗੁਨਾਪਗਾਰ ਹਨ । ਇਨ੍ਹਾਂ ਦੋਸ਼ਾਂ ਵਿੱਚੋਂ ਸਭ ਤੋਂ ਗੰਭੀਰ ਦੋਸ਼ ਰਾਕੇਟੀਅਰ ਅਤੇ ਭ੍ਰਿਸ਼ਟਾਚਾਰ ਸੰਗਠਨ ਐਕਟ ਦੀ ਉਲੰਘਣਾ ਹੈ, ਜਿਸ ਵਿੱਚ ਟਰੰਪ ਨੂੰ 20 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।                 


2020 ਵਿਚ ਰਾਸ਼ਟਰਪਤੀ ਚੋਣਾਂ ਤੋਂ ਬਾਅਦ, ਟਰੰਪ 'ਤੇ ਨਤੀਜਿਆਂ ਨੂੰ ਉਲਟਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਬੀਬੀਸੀ ਦੇ ਅਨੁਸਾਰ, 2 ਜਨਵਰੀ, 2021 ਨੂੰ, ਟਰੰਪ ਅਤੇ ਜਾਰਜੀਆ ਦੇ ਚੋਣ ਅਧਿਕਾਰੀ ਬ੍ਰੈਡ ਰੈਫੇਨਸਪਰਗਰ ਵਿਚਕਾਰ ਲਗਭਗ ਇੱਕ ਘੰਟੇ ਤੱਕ ਕਾਲ ਹੋਈ। ਇਹ ਕਾਲ 3 ਜਨਵਰੀ ਨੂੰ ਦੁਪਹਿਰ 2:41 ਵਜੇ ਵ੍ਹਾਈਟ ਹਾਊਸ ਦੇ ਦਫਤਰ ਤੋਂ ਕੀਤੀ ਗਈ ਸੀ।


ਟਰੰਪ ਨੇ ਰਾਫੇਨਸਪਰਗਰ ਨੂੰ ਫੋਨ 'ਤੇ ਕਿਹਾ ਕਿ ਉਹ ਵੋਟਾਂ ਦੀ ਦੁਬਾਰਾ ਗਿਣਤੀ ਕਰੇ ਤਾਂ ਜੋ ਸੂਬੇ ਦੀਆਂ 16 ਇਲੈਕਟੋਰਲ ਵੋਟਾਂ ਉਸ ਕੋਲ ਗਈਆਂ। ਕਾਲ ਰਿਕਾਰਡਿੰਗ ਪਹਿਲੀ ਵਾਰ ਵਾਸ਼ਿੰਗਟਨ ਪੋਸਟ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਦੇ ਮੁਤਾਬਕ ਟਰੰਪ ਨੇ ਕਿਹਾ ਸੀ ਕਿ ਮੈਨੂੰ ਸਿਰਫ 11,780 ਵੋਟਾਂ ਚਾਹੀਦੀਆਂ ਹਨ। ਇਹ ਜਿੱਤ ਦੇ ਫਰਕ ਤੋਂ ਇੱਕ ਵੋਟ ਵੱਧ ਹੈ। ਇਸ ਦੌਰਾਨ ਟਰੰਪ ਨੇ ਰਾਫੇਨਸਪਰਗਰ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਗੱਲ ਨਹੀਂ ਸੁਣੀ ਤਾਂ ਉਨ੍ਹਾਂ 'ਤੇ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ।


ਪਿਛਲੇ ਸਾਲ, ਇੱਕ ਵਿਸ਼ੇਸ਼ ਗ੍ਰੈਂਡ ਜਿਊਰੀ ਨੇ ਕਈ ਮਹੀਨਿਆਂ ਵਿੱਚ ਇਸ ਕੇਸ ਵਿੱਚ 75 ਗਵਾਹਾਂ ਦੇ ਬਿਆਨ ਦਰਜ ਕੀਤੇ ਸਨ। ਟਰੰਪ ਅਮਰੀਕਾ ਵਿੱਚ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ। ਲਗਾਤਾਰ ਅਪਰਾਧਿਕ ਮਾਮਲੇ ਦਰਜ ਹੋਣ ਦੇ ਬਾਵਜੂਦ ਉਸ ਦੀ ਲੋਕਪ੍ਰਿਅਤਾ ਵਿੱਚ ਕਮੀ ਨਹੀਂ ਆਈ ਹੈ।