ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਕਿਨ ਉਮੀਦਵਾਰ ਡੋਨਲਡ ਟਰੰਪ ਦੇ ਅਤੀਤ ਦਾ ਪਰਛਾਵਾ ਉਹਨਾਂ ਦੇ ਵਰਤਮਾਨ ਉਤੇ ਪੈਣ ਲੱਗਾ ਹੈ। ਰਾਸ਼ਟਰਪਤੀ ਅਹੁਦੇ ਲਈ ਚੋਣ ਪ੍ਰਚਾਰ ਕਰ ਰਹੇ ਟਰੰਪ ਦੀ 2005 ਦੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਔਰਤਾਂ ਬਾਰੇ ਭੱਦੀਆਂ ਤੇ ਅਸ਼ਲੀਲ ਟਿੱਪਣੀਆਂ ਕਰਦਾ ਦਿਖਾਈ ਦੇ ਰਿਹਾ ਹੈ।


ਇਸ ਵੀਡੀਓ ਕਾਰਨ ਅਮਰੀਕਾ ਵਿੱਚ ਵਿਵਾਦ ਪੈਦਾ ਹੋ ਗਿਆ ਹੈ। ਸਥਿਤੀ ਖਰਾਬ ਹੁੰਦੀ ਦੇਖ ਟਰੰਪ ਨੇ ਤੁਰੰਤ ਲੋਕਾਂ ਕੋਲੋਂ ਮੁਆਫ਼ੀ ਮੰਗ ਲਈ। ‘ਵਾਸ਼ਿੰਗਟਨ ਪੋਸਟ’ ਕੋਲ ਮੌਜੂਦ ਵੀਡੀਓ ਵਿੱਚ ਟਰੰਪ ਰੇਡੀਓ ਤੇ ਟੀ ਵੀ ਪੇਸ਼ਕਾਰ ਬਿਲੀ ਬੁਸ਼ ਨਾਲ ਗੱਲਬਾਤ ਦੌਰਾਨ ਔਰਤਾਂ ਨੂੰ ਚੁੰਮਣ, ਛੂਹਣ ਅਤੇ ਸਰੀਰਕ ਸਬੰਧ ਬਣਾਉਣ ਬਾਰੇ ਅਸ਼ਲੀਲ ਟਿੱਪਣੀਆਂ ਕਰਦਾ ਦਿਖਾਈ ਦੇ ਰਿਹਾ ਹੈ।
ਟਰੰਪ ਨੇ ਕਿਹਾ, ‘ਇਹ ਲਾਕਰ ਰੂਮ ਵਿੱਚ ਕੀਤਾ ਗਿਆ ਮਜ਼ਾਕ ਸੀ। ਇਹ ਇਕ ਨਿੱਜੀ ਗੱਲਬਾਤ ਸੀ, ਜੋ ਕਈ ਵਰ੍ਹੇ ਪਹਿਲਾਂ ਹੋਈ ਸੀ। ਬਿੱਲ ਕਲਿੰਟਨ ਨੇ ਗੋਲਫ ਕੋਰਸ ਵਿੱਚ ਮੇਰੀਆਂ ਇਨ੍ਹਾਂ ਗੱਲਾਂ ਤੋਂ ਵੀ ਕਿਤੇ ਵੱਧ ਭੱਦੀਆਂ ਗੱਲਾਂ ਕਹੀਆਂ ਸਨ।’ ਇਸ ਵੀਡੀਓ ਟੇਪ ਕਾਰਨ ਟਰੰਪ ਨੇ ਮੁਆਫੀ ਮੰਗਦਿਆਂ ਕਿਹਾ, ‘ਜੇਕਰ ਇਸ ਨਾਲ ਕਿਸੇ ਦਾ ਅਪਮਾਨ ਹੋਇਆ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ।’
ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਇਨ੍ਹਾਂ ਟਿੱਪਣੀਆਂ ਬਾਰੇ ਕਿਹਾ, ‘ਇਹ ਸ਼ਰਮਨਾਕ ਹੈ। ਅਸੀਂ ਅਜਿਹੇ ਵਿਅਕਤੀ ਨੂੰ ਰਾਸ਼ਟਰਪਤੀ ਨਹੀਂ ਬਣਨ ਦੇ ਸਕਦੇ।’ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕ੍ਰੈਟਿਕ ਉਮੀਦਵਾਰ ਟਿਮ ਕੇਨ ਨੇ ਕਿਹਾ, ‘ਇਸ ਤਰ੍ਹਾਂ ਦਾ ਵਿਹਾਰ ਬੇਹੱਦ ਘਿਨਾਉਣਾ ਹੈ।’