ਇਸਲਾਮਾਬਾਦ: ਪਾਕਿਸਤਾਨ ਵਿੱਚ ਗਧਿਆਂ ਦੀ ਵਧਦੀ ਆਬਾਦੀ ਸਰਕਾਰ ਲਈ ਖੁਸ਼ੀ ਦਾ ਕਾਰਨ ਬਣ ਗਈ ਹੈ। ਪਾਕਿਸਤਾਨ ਵਿੱਚ ਗਧਿਆਂ ਦੀ ਆਬਾਦੀ ਲਗਾਤਾਰ ਵਧ ਰਹੀ ਹੈ। ਵਿੱਤੀ ਸਾਲ 2020-21 ਦੌਰਾਨ ਗਧਿਆਂ ਦੀ ਆਬਾਦੀ ਵਧ ਕੇ 5.7 ਮਿਲੀਅਨ ਹੋ ਗਈ ਹੈ। ਪਾਕਿਸਤਾਨ ਦੇ ਆਰਥਿਕ ਸਰਵੇਖਣ ਦੇ ਅੰਕੜੇ ਦੱਸਦੇ ਹਨ ਕਿ ਪਿਛਲੇ ਕੁਝ ਸਾਲਾਂ ਦੌਰਾਨ ਗਧਿਆਂ ਦੀ ਆਬਾਦੀ ਲਗਾਤਾਰ ਵਧ ਰਹੀ ਹੈ।


ਆਰਥਿਕ ਸਰਵੇਖਣ ਰਿਪੋਰਟ ਨੇ ਕੀਤਾ ਖੁਲਾਸਾ


9 ਜੂਨ ਨੂੰ ਜਾਰੀ ਆਰਥਿਕ ਸਰਵੇਖਣ- (Economic Survey-PES) 2021-22 ਅਨੁਸਾਰ ਪਿਛਲੇ ਵਿੱਤੀ ਸਾਲ ਦੌਰਾਨ ਪਾਕਿਸਤਾਨ ਵਿੱਚ ਗਧਿਆਂ ਦੀ ਆਬਾਦੀ ਵਧ ਕੇ 5.7 ਮਿਲੀਅਨ ਹੋ ਗਈ ਹੈ। ਦੇਸ਼ ਵਿੱਚ 2019-20 ਵਿੱਚ 5.5 ਮਿਲੀਅਨ ਤੇ 2020-21 ਵਿੱਚ 5.6 ਮਿਲੀਅਨ ਗਧੇ ਸਨ।

ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦੇਸ਼ ਵਿੱਚ ਪਸ਼ੂਆਂ ਦੀ ਆਬਾਦੀ ਵਧ ਕੇ 53.4 ਮਿਲੀਅਨ ਹੋ ਗਈ ਹੈ। ਇਨ੍ਹਾਂ ਵਿੱਚੋਂ ਮੱਝਾਂ ਦੀ ਗਿਣਤੀ 43.7 ਮਿਲੀਅਨ, ਭੇਡਾਂ ਦੀ ਗਿਣਤੀ 31.9 ਮਿਲੀਅਨ ਤੇ ਬੱਕਰੀਆਂ ਦੀ ਗਿਣਤੀ 31.9 ਮਿਲੀਅਨ ਹੋ ਗਈ ਹੈ। ਅੰਕੜੇ ਦੱਸਦੇ ਹਨ ਕਿ ਦੇਸ਼ ਵਿੱਚ 1.1 ਮਿਲੀਅਨ ਊਠ, 0.4 ਮਿਲੀਅਨ ਘੋੜੇ ਤੇ 0.2 ਮਿਲੀਅਨ ਖੱਚਰ ਸਨ। ਜ਼ਿਕਰਯੋਗ ਹੈ ਕਿ 2017-18 ਤੋਂ ਬਾਅਦ ਇਨ੍ਹਾਂ ਜਾਨਵਰਾਂ ਦੀ ਗਿਣਤੀ 'ਚ ਕੋਈ ਬਦਲਾਅ ਨਹੀਂ ਹੋਇਆ।

ਪਾਕਿਸਤਾਨ ਦੀ ਅਰਥਵਿਵਸਥਾ ਵਿੱਚ ਗਧਿਆਂ ਦਾ ਵੀ ਵੱਡਾ ਯੋਗਦਾਨ


ਪਸ਼ੂ ਧਨ ਨੇ 2021 ਤੋਂ 22 ਤੱਕ ਖੇਤੀਬਾੜੀ ਮੁੱਲ ਵਿੱਚ ਲਗਭਗ 61.9% ਤੇ ਰਾਸ਼ਟਰੀ ਕੁੱਲ ਘਰੇਲੂ ਉਤਪਾਦ (national GDP) 'ਚ 14.0% ਦਾ ਯੋਗਦਾਨ ਪਾਇਆ। ਪਾਕਿਸਤਾਨ ਦੇ ਪੇਂਡੂ ਖੇਤਰਾਂ ਦੇ ਵਸਨੀਕਾਂ ਲਈ ਪਸ਼ੂ ਪਾਲਣ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ। 8 ਮਿਲੀਅਨ ਤੋਂ ਵੱਧ ਪੇਂਡੂ ਪਰਿਵਾਰ ਇਸ 'ਤੇ ਨਿਰਭਰ ਹਨ। ਉਨ੍ਹਾਂ ਦੀ ਆਮਦਨ ਦਾ ਲਗਭਗ 35-40% ਇਸ ਸੈਕਟਰ ਤੋਂ ਆਉਂਦਾ ਹੈ।

ਪਸ਼ੂ ਧਨ ਦਾ ਕੁੱਲ ਮੁੱਲ ਵਾਧਾ 5,269 ਅਰਬ ਰੁਪਏ (2020-21) ਤੋਂ ਵਧ ਕੇ 5,441 ਅਰਬ ਰੁਪਏ (2021-22) ਹੋ ਗਿਆ ਹੈ, ਜੋ ਕਿ 3.26% ਦਾ ਵਾਧਾ ਦਰਸਾਉਂਦਾ ਹੈ। ਸਰਕਾਰ ਦੇਸ਼ ਵਿੱਚ ਆਰਥਿਕ ਵਿਕਾਸ, ਖੁਰਾਕ ਸੁਰੱਖਿਆ ਅਤੇ ਗਰੀਬੀ ਘਟਾਉਣ ਲਈ ਇਸ ਖੇਤਰ 'ਤੇ ਧਿਆਨ ਦੇ ਰਹੀ ਹੈ। ਯਾਨੀ ਸਰਕਾਰ ਪਸ਼ੂ ਉਤਪਾਦਕਤਾ, ਵੈਟਰਨਰੀ ਸਿਹਤ, ਪਸ਼ੂ ਪਾਲਣ ਨਾਲ ਸਬੰਧਤ ਅਭਿਆਸਾਂ, ਪਸ਼ੂ ਪ੍ਰਜਨਨ ਅਭਿਆਸਾਂ, ਨਕਲੀ ਗਰਭਦਾਨ ਸੇਵਾਵਾਂ, ਪਸ਼ੂ ਖੁਰਾਕ ਲਈ ਸੰਤੁਲਿਤ ਰਾਸ਼ਨ ਦੀ ਵਰਤੋਂ ਆਦਿ 'ਤੇ ਕੰਮ ਕਰੇਗੀ।