Earthquake in Indonesia: ਇੰਡੋਨੇਸ਼ੀਆ ਦੇ ਉੱਤਰੀ ਸੁਮਾਤਰਾ ਖੇਤਰ ਵਿੱਚ ਸ਼ਨੀਵਾਰ ਤੇ ਐਤਵਾਰ (17-18 ਮਈ) ਦੀ ਦਰਮਿਆਨੀ ਰਾਤ ਭਾਰਤੀ ਸਮੇਂ ਅਨੁਸਾਰ ਲਗਭਗ 2:50 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪਿਛਲੇ ਇਕ ਹਫ਼ਤੇ ਦੌਰਾਨ ਕਈ ਦੇਸ਼ਾਂ ਵਿੱਚ ਭੂਚਾਲ ਦੇ ਭਾਰੀ ਝਟਕੇ ਮਹਿਸੂਸ ਹੋਏ ਹਨ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NSC) ਦੇ ਅਨੁਸਾਰ, ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.6 ਮਾਪੀ ਗਈ। ਭੂਚਾਲ ਦੇ ਤੇਜ਼ ਝਟਕਿਆਂ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਭੂਚਾਲ ਦਾ ਕੇਂਦਰ ਧਰਤੀ ਤੋਂ 58 ਕਿਲੋਮੀਟਰ ਦੀ ਗਹਿਰਾਈ 'ਤੇ ਸੀ। ਫਿਲਹਾਲ ਭੂਚਾਲ ਕਾਰਨ ਕਿਸੇ ਵੱਡੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ।
ਸ਼ਨੀਵਾਰ ਨੂੰ ਮਿਆਨਮਾਰ 'ਚ ਵੀ ਆਇਆ ਸੀ ਭਾਰੀ ਭੂਚਾਲ
ਸ਼ਨੀਵਾਰ (17 ਮਈ, 2025) ਨੂੰ ਮਿਆਨਮਾਰ ਦੇ ਕਿਆਕਸੇ ਨੇੜੇ 5.4 ਤੀਬਰਤਾ ਵਾਲਾ ਭੂਚਾਲ ਆਇਆ। ਯੂਰਪੀਅਨ-ਭੂਮੱਧ ਸਾਗਰੀ ਭੂਚਾਲ ਵਿਗਿਆਨ ਕੇਂਦਰ (EMSC) ਅਨੁਸਾਰ, ਇਹ ਝਟਕੇ ਦੁਪਹਿਰ 3:54 ਵਜੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਕਿਆਕਸੇ ਤੋਂ ਲਗਭਗ 35 ਕਿਲੋਮੀਟਰ ਦੂਰ ਸੀ।
ਅਫਗਾਨਿਸਤਾਨ 'ਚ ਵੀ ਆਇਆ ਤੇਜ਼ ਭੂਚਾਲ
ਸ਼ਨੀਵਾਰ ਨੂੰ ਅਫਗਾਨਿਸਤਾਨ ਵਿੱਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਕੇਂਦਰ ਅਨੁਸਾਰ, ਅਫਗਾਨਿਸਤਾਨ ਵਿੱਚ 17 ਮਈ 2025 ਨੂੰ ਸਵੇਰੇ 4:26 ਵਜੇ ਭੂਚਾਲ ਦੇ ਝਟਕੇ ਮਹਿਸੂਸ ਹੋਏ। ਭੂਚਾਲ 36.37 ਡਿਗਰੀ ਉੱਤਰੀ ਅਕਸ਼ਾਂਸ ਅਤੇ 69.83 ਡਿਗਰੀ ਪੂਰਬ ਦੇਸ਼ਾਂਤਰ 'ਤੇ ਸਥਿਤ ਸੀ। ਇਸ ਦੀ ਗਹਿਰਾਈ 120 ਕਿਲੋਮੀਟਰ ਦਰਜ ਕੀਤੀ ਗਈ।
ਭੂਚਾਲ ਦੇ ਝਟਕਿਆਂ ਨਾਲ ਕੰਬਿਆ ਚੀਨ
ਸ਼ੁੱਕਰਵਾਰ (16 ਮਈ, 2025) ਨੂੰ ਚੀਨ ਵਿੱਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 4.5 ਦਰਜ ਕੀਤੀ ਗਈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ, ਸ਼ੁੱਕਰਵਾਰ ਸਵੇਰੇ ਭਾਰਤੀ ਸਮੇਂ ਅਨੁਸਾਰ 6:29 ਵਜੇ ਚੀਨ ਵਿੱਚ ਇਹ ਝਟਕੇ ਮਹਿਸੂਸ ਹੋਏ, ਜਿਨ੍ਹਾਂ ਦੀ ਗਹਿਰਾਈ ਲਗਭਗ 10 ਕਿਲੋਮੀਟਰ ਦਰਜ ਕੀਤੀ ਗਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।