ਪੋਰਟ-ਡੇਅ-ਪ੍ਰਿੰਸ: ਹੈਤੀ ਵਿੱਚ 5.9 ਦੀ ਤੀਬਰਤਾ ਵਾਲੇ ਭੂਚਾਲ ਨੇ ਦਸਤਕ ਦਿੱਤੀ ਹੈ। ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਸ਼ਾਮ ਨੂੰ ਹੈਤੀ ਦੇ ਉੱਤਰ-ਪੱਛਮੀ ਸਮੁੰਦਰੀ ਕੰਢੇ ਵਾਲੇ ਖੇਤਰਾਂ ਵਿੱਚ ਭੂਚਾਲ ਆਇਆ, ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ।


ਉੱਤਰ ਅਮਰੀਕਾ ਦੇ ਦੇਸ਼ ਹੈਤੀ ਵਿੱਚ ਭੂਚਾਲ ਕਾਰਨ ਕਈ ਇਲਾਕਿਆਂ ਵਿੱਚ ਇਮਾਰਤਾਂ ਨੁਕਸਾਨੀਆਂ ਗਈਆਂ ਹਨ। ਭੂਚਾਲ ਦਾ ਕੇਂਦਰ ਪੋਰਟ-ਡੇ ਪੈਰਿਕਸ ਤੋਂ 19 ਕਿਲੋਮੀਟਰ ਦੂਰ ਜ਼ਮੀਨ ਦੇ ਤਕਰੀਬਨ ਸਾਢੇ ਗਿਆਰਾਂ ਕਿਲੋਮੀਟਰ ਹੇਠਾਂ ਸੀ। ਹਾਲਾਂਕਿ, ਸਮੁੰਦਰੀ ਇਲਾਕਾ ਹੋਣ ਦੇ ਬਾਵਜੂਦ ਅਮਰੀਕੀ ਭੂ ਵਿਭਾਗ ਨੇ ਸੁਨਾਮੀ ਦੀ ਚੇਤਾਵਨੀ ਨਹੀਂ ਜਾਰੀ ਕੀਤੀ।

ਸਰਕਾਰ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ, ਪਰ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਜ਼ਿਕਰਯੋਗ ਹੈ ਕਿ ਸਾਲ 2010 ਵਿੱਚ ਦੇਸ਼ ਦੀ ਰਾਜਧਾਨੀ ਪੋਰਟ-ਡੇ-ਪ੍ਰਿੰਸ ਵਿੱਚ ਭੂਚਾਲ ਆਇਆ ਸੀ, ਜਿਸ ਵਿੱਚ ਦੋ ਲੱਖ ਲੋਕ ਮਾਰੇ ਗਏ ਸਨ ਤੇ ਤਿੰਨ ਲੱਖ ਜ਼ਖ਼ਮੀ ਹੋਏ ਸਨ। ਉੱਧਰ ਪਿਛਲੇ ਦਿਨੀਂ ਇੰਡੋਨੇਸ਼ੀਆ ਵਿੱਚ ਆਏ ਭੂਚਾਲ ਤੇ ਸੁਨਾਮੀ ਨੇ 1600 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਤੇ ਲੱਖਾਂ ਲੋਕ ਬੇਘਰ ਹੋ ਗਏ ਹਨ।