ਲਿਸਬਨ: ਪੁਰਤਗਾਲ ਦੇ ਪ੍ਰਧਾਨ ਮੰਤਰੀ ਐਂਟੋਨੀਓ ਕੋਸਟਾ ਬਲਾਤਕਾਰ ਦੇ ਇਲਜ਼ਾਮਾਂ ਵਿੱਚ ਘਿਰੇ ਸਟਾਰ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਦੇ ਬਚਾਅ ਲਈ ਮੈਦਾਨ ’ਚ ਉਤਰ ਆਏ ਹਨ। ਸਪੇਨੀ ਟਾਪੂ ਲੈਂਜ਼ਾਰੋਤੇ ਵਿੱਚ ਸ਼ਨੀਵਾਰ ਨੂੰ ਟੈਲੀਵਿਜ਼ਨ ਚੈਨਲ ਨਾਲ ਗੱਲਬਾਤ ਦੌਰਾਨ ਕੋਸਟਾ ਨੇ ਕਿਹਾ ਕਿ ਜਦੋਂ ਤਕ ਦੋਸ਼ ਸਾਬਤ ਨਹੀਂ ਹੋ ਜਾਂਦਾ, ਉਦੋਂ ਤਕ ਰੋਨਾਲਡੋ ਨੂੰ ਨਿਰਦੋਸ਼ ਮੰਨਿਆ ਜਾਏ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਸਮਝਣਾ ਪਵੇਗਾ ਕਿ ਜਦੋਂ ਤੱਕ ਕਿਸੇ ਨੂੰ ਦੋਸ਼ੀ ਨਹੀਂ ਮੰਨਿਆ ਜਾਂਦਾ, ਉਹ ਨਿਰਦੋਸ਼ ਹੁੰਦਾ ਹੈ। ਕਿਸੇ ’ਤੇ ਮਹਿਜ਼ ਇਲਜ਼ਾਮ ਲਾ ਦੇਣ ਨਾਲ ਉਹ ਦੋਸ਼ੀ ਨਹੀਂ ਬਣ ਜਾਂਦਾ।

ਕੋਈ ਵੀ ਗੱਲ ਰੋਨਾਲਡੋ ਦੇ ਰਿਕਾਰਡ ’ਤੇ ਦਾਗ਼ ਨਾ ਲਾਏ: ਪੀਐਮ ਕੋਸਟਾ

ਪੀਐਮ ਕੋਸਟਾ ਨੇ ਕਿਹਾ ਕਿ ਜੇ ਸਾਡੇ ਕੋਲ ਕੋਈ ਸਬੂਤ ਹੈ, ਤਾਂ ਉਹ ਇੱਕ ਮਾਹਰ ਪੇਸ਼ੇਵਰ, ਇੱਕ ਅਸਾਧਾਰਨ ਖਿਡਾਰੀ, ਸ਼ਾਨਦਾਰ ਫੁਟਬਾਲਰ ਤੇ ਇੱਕ ਸਤਿਕਾਰਯੋਗ ਵਿਅਕਤੀ ਹੈ, ਜਿਸ ਨੇ ਪੁਰਤਗਾਲ ਨੂੰ ਸਨਮਾਨ ਦਿਵਾਇਆ। ਉਨ੍ਹਾਂ ਕਾਮਨਾ ਕੀਤੀ ਕਿ ਕੋਈ ਵੀ ਗੱਲ ਰੋਨਾਲਡੋ ਦੇ ਰਿਕਾਰਡ ’ਤੇ ਦਾਗ਼ ਨਾ ਲਾਏ।

ਰੋਨਾਲਡੋ ਨੇ ਇਲਜ਼ਾਮਾਂ ਤੋਂ ਕੀਤਾ ਇਨਕਾਰ

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਕੈਥਰੀਨ ਮਾਇਓਰਗਾ ਨੇ ਅਮਰੀਕਾ ਵਿੱਚ ਦੀਵਾਨੀ ਮੁਕੱਦਮਾ ਦਾਇਰ ਕੀਤਾ। ਇਸ ਵਿੱਚ ਇਲਜ਼ਾਮ ਲਾਇਆ ਗਿਆ ਕਿ 2009 ਵਿੱਚ ਲਾਸ ਵੇਗਾਸ ਵਿੱਚ ਰੋਨਾਲਡੋ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਫਿਰ ਵੀ ਰੋਨਾਲਡੋ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਰੋਨਾਲਡੋ ਦੇ ਇਤਾਵਲੀ ਕਲੱਬ ਨੇ ਉਸਦੀ ਹਮਾਇਤ ਕੀਤੀ ਤੇ ਉਸਨੂੰ ‘ਵੱਡਾ ਚੈਂਪੀਅਨ’ ਦੱਸਿਆ। ਪਰ ਉਸ ਦੇ ਸਪਾਂਸਰ ਨਾਈਕੀ ਤੇ ਵੀਡੀਓ ਗੇਮ ਨਿਰਮਾਤਾ ਈਏ ਸਪੋਰਟਸ ਨੇ ਇਨ੍ਹਾਂ ਦੋਸ਼ਾਂ 'ਤੇ ਚਿੰਤਾ ਪ੍ਰਗਟਾਈ ਹੈ।