ਟੋਕਿਓ: ਉੱਤਰ ਕੋਰੀਆ ਦੇ ਪ੍ਰਮਾਣੂ ਹਥਿਆਰਾਂ ਤੇ ਬੈਲਿਸਟਿਕ ਮਿਜ਼ਾਇਲਾਂ ਨੂੰ ਖ਼ਤਮ ਕਰਨ ਵਾਸਤੇ ਜਾਪਾਨ ਤੇ ਅਮਰੀਕਾ ਨੇ ਹੱਥ ਮਿਲਾ ਲਿਆ ਹੈ। ਅਮਰੀਕਾ ਦੇ ਸਕੱਤਰ ਮਾਈਕ ਪੋਂਪੀਓ ਦੇ ਜਾਪਾਨ ਦੇ ਦੋ ਦਿਨਾਂ ਦੌਰੇ ਦੌਰਾਨ ਦੋਵਾਂ ਦੇਸ਼ਾਂ ਵੱਲੋਂ ਇਸ ਮਸਲੇ 'ਤੇ ਸੰਯੁਕਤ ਰੂਪ ਵਿੱਚ ਕੰਮ ਕਰਨ 'ਤੇ ਸਹਿਮਤੀ ਬਣੀ ਹੈ।
ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਅਮਰੀਕਾ ਦੀ ਇਸ ਪਹਿਲ ਦਾ ਸਵਾਗਤ ਕੀਤਾ ਤੇ ਭਰੋਸਾ ਦਿਵਾਇਆ ਕਿ ਉਹ ਉੱਤਰ ਕੋਰੀਆ ਬਾਰੇ ਅਖ਼ਤਿਆਰ ਕੀਤੀ ਇਸ ਨੀਤੀ ਵਿੱਚ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਪੋਂਪੀਓ ਨੇ ਕਿਹਾ ਕਿ ਉਹ ਉੱਤਰ ਕੋਰੀਆ ਦੇ ਲੀਡਰ ਕਿਮ-ਜੋਂਗ ਉਨ ਨਾਲ ਮੁਲਾਕਾਤ ਦੌਰਾਨ ਜਾਪਾਨ ਦੇ ਮੁੱਦਿਆਂ ਬਾਰੇ ਵੀ ਗੱਲਬਾਤ ਕਰਨਗੇ।
ਜ਼ਿਕਰਯੋਗ ਹੈ ਕਿ ਜਾਪਾਨ ਨੇ 1953 ਦੀ ਕੋਰੀਅਨ ਜੰਗ ਤੋਂ ਬਾਅਦ ਆਪਣੇ ਨਾਗਰਿਕਾਂ ਨੂੰ ਅਗ਼ਵਾ ਕਰਨ ਲਈ ਉੱਤਰ ਕੋਰੀਆ 'ਤੇ ਇਲਜ਼ਾਮ ਲਾਏ ਸੀ। ਸ਼ਿੰਜੋ ਆਬੇ ਨੇ ਟਰੰਪ ਨਾਲ ਮੁਲਾਕਾਤ ਦੌਰਾਨ ਵੀ ਇਹ ਮੁੱਦਾ ਚੁੱਕਿਆ ਸੀ। ਇਸ ਤੋਂ ਇਲਾਵਾ ਕੋਰੀਆ ਵੱਲੋਂ ਪ੍ਰੀਖਣ ਦੌਰਾਨ ਆਪਣੀਆਂ ਮਿਜ਼ਾਈਲਾਂ ਜਾਪਾਨ ਦੇ ਉੱਪਰੋਂ ਚਲਾਈਆਂ ਜਾਂਦੀਆਂ ਰਹੀਆਂ ਹਨ, ਜਿਸ ਕਰਕੇ ਜਾਪਾਨ ਉਸ ਦੇ ਅਜਿਹੇ ਖ਼ਤਰਨਾਕ ਕਾਰਨਾਮਿਆਂ 'ਤੇ ਰੋਕ ਲਾਉਣੀ ਚਾਹੁੰਦਾ ਹੈ।