ਚੰਡੀਗੜ੍ਹ: ਦੱਖਣ-ਪੱਛਮੀ ਇੰਗਲੈਂਡ ਦੇ ਰੇਡੀਓ ਪ੍ਰੇਜ਼ੈਂਟੇਟਰ ਨੇ ਇੱਕ ਸਰੋਤੇ ਦੀ ਜਾਨ ਬਚਾਈ। ਰੇਡੀਓ ਹੋਸਟ ਇਆਨ ਲੀ ਨੂੰ ਸੁਣ ਰਹੇ ਕਾਲਰ ਨੇ ਦੱਸਿਆ ਕਿ ਉਸ ਨੇ ਕਈ ਦਵਾਈਆਂ ਦੇ ਮਿਸ਼ਰਣ ਦਾ ਓਵਰਡੋਜ਼ ਲੈ ਲਿਆ ਹੈ। ਅਜਿਹੇ ਵਿੱਚ ਇਆਨ ਉਸ ਬੰਦੇ ਨਾਲ ਉਦੋਂ ਤਕ ਗੱਲ ਕਰਦਾ ਰਿਹਾ ਜਦੋਂ ਤਕ ਐਮਰਜੈਂਸੀ ਸੇਵਾ ਵਾਲੇ ਉਸ ਕੋਲ ਨਹੀਂ ਪੁੱਜ ਗਏ। ਕਾਲਰ ਦੀ ਉਮਰ 60 ਸਾਲ ਸੀ ਤੇ ਉਹ ਇੱਕ ਸਾਲ ਤੋਂ ਇਆਨ ਦਾ ਸ਼ੋਅ ਸੁਣ ਰਿਹਾ ਸੀ।
ਬ੍ਰਿਟਿਸ਼ ਮੀਡੀਆ ‘ਦ ਗਾਰਡੀਅਨ’ ਵਿੱਚ ਛਪੀ ਖ਼ਬਰ ਮੁਤਾਬਕ ਜਦੋਂ ਇਆਨ ਨੂੰ ਪਤਾ ਲੱਗਾ ਕਿ ਕਾਲਰ ਨੇ ਕਈ ਦਵਾਈਆਂ ਦਾ ਮਿਸ਼ਰਣ ਖਾ ਲਿਆ ਹੈ ਤਾਂ ਉਸ ਨੇ ਕਾਲਰ ਤੋਂ ਕਈ ਸਵਾਲ ਪੁੱਛੇ। ਇਨ੍ਹਾਂ ਸਵਾਲਾਂ ਤੋਂ ਹੀ ਉਸ ਨੇ ਚਤੁਰਾਈ ਨਾਲ ਕਾਲਰ ਦਾ ਪਤਾ ਜਾਣ ਲਿਆ। ਕਾਲਰ ਨੇ ਇਆਨ ਨੂੰ ਦੱਸਿਆ ਕਿ ਉਹ ਤਣਾਓ ਦਾ ਸ਼ਿਕਾਰ ਸੀ ਤੇ ਇਸ ਲਈ ਉਹ ਮਰਨਾ ਚਾਹੁੰਦਾ ਸੀ।
ਇਆਨ ਨੇ ਕਾਲਰ ਨੂੰ ਕਿਹਾ ਕਿ ਉਹ ਜਾਣਦਾ ਹੈ ਕਿ ਉਹ (ਕਾਲਰ) ਮਰਨਾ ਚਾਹੁੰਦਾ ਹੈ, ਪਰ ਉਹ ਉਸ ਨੂੰ ਪਿਆਰ ਕਰਦਾ ਹੈ। ਉਸ ਨੇ ਕਿਹਾ ਕਿ ਭਾਵੇਂ ਤੂੰ ਮਰਨਾ ਚਾਹੁੰਦਾ ਹੈਂ ਪਰ ਉਹ ਉਸ ਨਾਲ ਕੱਲ੍ਹ ਗੱਲ ਕਰਨਾ ਚਾਹੁੰਦਾ ਹੈ। ਜਦੋਂ ਇਆਨ ਬੰਦੇ ਨਾਲ ਗੱਲ ਕਰ ਰਿਹਾ ਸੀ ਤਾਂ ਪਿੱਛੇ ਉਸ ਦੇ ਪ੍ਰੋਡਿਊਸਰ ਨੇ ਐਮਰਜੈਂਸੀ ਨੂੰ ਫੋਨ ਲਾਇਆ ਤੇ ਕਾਲਰ ਦੀ ਥਾਂ ਪਹੁੰਚਣ ਲਈ ਕਿਹਾ।
ਇਆਨ ਖ਼ੁਦ ਵੀ ਤਣਾਓ ਦੀ ਸ਼ਿਕਾਰ ਰਹਿ ਚੁੱਕਾ ਸੀ। ਉਸ ਨੇ ਉਸੇ ਸ਼ੋਅ ਦੌਰਾਨ ਆਪਣੇ ਸਰੋਤਿਆਂ ਨੂੰ ਵੀ ਦੱਸਿਆ ਕਿ ਕਿਵੇਂ ਉਸ ਨੇ ਦਵਾਈਆਂ ਨਾਲ ਤਣਾਓ ਤੋਂ ਖਹਿੜਾ ਛੁਡਵਾਇਆ ਤੇ ਜ਼ਿੰਦਗੀ ਅੱਗੇ ਤੋਰੀ। ਉਸ ਨੇ ਦੱਸਿਆ ਕਿ ਦਵਾਈ ਛੱਡਣ ਬਾਅਦ ਉਸ ਨੂੰ ਵੀ ਖ਼ੁਦਕੁਸ਼ੀ ਦੇ ਖ਼ਿਆਲ ਆਉਂਦੇ ਸੀ।