ਚੰਡੀਗੜ੍ਹ: ਗੁਆਟੇਮਾਲਾ ਦੀ ਇੱਕ ਅਦਾਲਤ ਨੇ ਆਪਣੇ ਦੇਸ਼ ਦੇ ਸਿਪਾਹੀ ਨੂੰ 5,160 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਕੇਂਦਰੀ ਅਮਰੀਕਾ ਦੇ ਇਸ ਦੇਸ਼ 'ਚ ਉਸ ਫ਼ੌਜੀ ਨੂੰ ਇਹ ਸਜ਼ਾ ਭਿਆਨਕ ਘਰੇਲੂ ਜੰਗ ਦੌਰਾਨ ਵੱਡੀ ਪੱਧਰ 'ਤੇ ਕੀਤੇ ਗਏ ਕਲਤੇਆਮ ਵਿੱਚ ਸ਼ਾਮਲ ਹੋਣ ਕਾਰਨ ਮਿਲੀ ਹੈ।



ਅਲਜਜ਼ੀਰਾ ਮੁਤਾਬਕ ਸੈਂਟੌਸ ਲੋਪੇਜ਼ ਨਾਂਅ ਦੇ ਇਸ ਸਿਪਾਹੀ ਨੇ 171 ਲੋਕਾਂ ਦੀ ਹੱਤਿਆ ਕੀਤੀ ਸੀ ਅਤੇ ਹਰ ਹੱਤਿਆ ਲਈ ਉਸ ਨੂੰ 30 ਸਾਲ ਦੀ ਸਜ਼ਾ ਦਿੱਤੀ ਗਈ ਹੈ। ਸਭ ਲੋਕਾਂ ਦੀ ਮੌਤ ਦੀ ਸਜ਼ਾ ਨੂੰ ਕੁੱਲ ਮਿਲਾ ਕੇ ਉਸ ਨੂੰ 5,160 ਸਾਲਾਂ ਦੀ ਸਜ਼ਾ ਹੋਈ ਹੈ। ਪਰ ਇਹ ਸਜ਼ਾ ਉਸ ਨੂੰ ਸੰਕੇਤਕ ਰੂਪ ਵਿੱਚ ਹੀ ਸੁਣਾਈ ਗਈ ਹੈ। ਦਰਅਸਲ, ਗੁਆਟੇਮਾਲਾ ਦੇ ਕਾਨੂੰਨ ਮੁਤਾਬਕ ਕਿਸੇ ਨੂੰ ਵੀ 50 ਸਾਲ ਤੋਂ ਵੱਧ ਸਮਾਂ ਜੇਲ੍ਹ ‘ਚ ਨਹੀਂ ਰੱਖਿਆ ਜਾ ਸਕਦਾ।
ਲੋਪੇਜ਼ ਉਸ ਘੁਸਪੈਠ ਵਿਰੋਧੀ ਬਲ ਦਾ ਹਿੱਸਾ ਸੀ ਜਿਸ ਨੂੰ ਅਮਰੀਕਾ ਨੇ ਟ੍ਰੇਨਿੰਗ ਦਿੱਤੀ ਸੀ। ਕੈਬਿਲੀ ਨਾਂਅ ਦੀ ਇਸ ਫ਼ੌਜੀ ਟੁਕੜੀ ਦੇ ਮੈਂਬਰ ਲੋਪੇਜ਼ ਨੂੰ 2016 ‘ਚ ਅਮਰੀਕਾ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਮੁਤਾਬਕ ਲੋਪੇਜ਼ ਇੱਕ ਪੈਟਰੋਲਿੰਗ ਟੀਮ ਦਾ ਹਿੱਸਾ ਸੀ ਜਿਸ ਨੇ ਮੈਕਸਿਕੋ ਦੇ ਨਾਲ ਲੱਗੇ ਬਾਰਡਰ ਕੋਲ ਸੰਨ 1982 ‘ਚ ਇਸ ਕਲਤੇਆਮ ਨੂੰ ਅੰਜਾਮ ਦਿੱਤਾ ਸੀ।