ਨਿਊਯਾਰਕ: ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅੱਜ ਸਵੇਰੇ ਅਮਰੀਕਾ ਪਹੁੰਚ ਗਏ ਹਨ। ਉਹ ਅਗਲੇ ਪੰਜ ਦਿਨ ਯਾਨੀ 28 ਮਈ ਤਕ ਅਮਰੀਕਾ ਦੇ ਦੌਰੇ 'ਤੇ ਰਹਿਣਗੇ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਰਾਜਦੂਤ ਟੀਐਸ ਤਿਰੂਮੂਰਤੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ, 'ਪਹਿਲੀ ਜਨਵਰੀ 2021 ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਭਾਰਤ ਦੇ ਦਾਖਲੇ ਤੋਂ ਬਾਅਦ ਵਿਦੇਸ਼ ਮੰਤਰੀ ਪਹਿਲੀ ਵਾਰ ਨਿਊਯਾਰਕ ਆਏ ਹਨ।'


ਕੋਵਿਡ ਸੰਕਟ ਦੇ ਵਿਚ ਵਿਦੇਸ਼ ਮੰਤਰੀ ਜੈਸ਼ੰਕਰ ਦਾ ਇਹ ਦੌਰਾ ਭਾਰਤ ਦੀ ਵੈਕਸੀਨ ਲੋੜਾਂ ਦੇ ਲਿਹਾਜ਼ ਨਾਲ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।' ਖਾਸ ਤੌਰ 'ਤੇ ਅਜਿਹੇ 'ਚ ਜਦੋਂ ਅਮਰੀਕਾ 8 ਕਰੋੜ ਵੈਕਸੀਨ ਡੋਜ਼ ਉਪਲਬਧ ਕਰਾਉਣ ਦਾ ਐਲਾਨ ਕਰ ਚੁੱਕਾ ਹੈ। ਅਜਿਹੇ 'ਚ ਭਾਰਤ ਦੀ ਕੋਸ਼ਿਸ਼ ਉਸ ਦਾ ਵੱਡਾ ਹਿੱਸਾ ਹਾਸਲ ਕਰਨ ਦੀ ਹੋਵੇਗੀ। ਜੈਸ਼ੰਕਰ ਦੀ ਅਮਰੀਕੀ ਵਿਦੇਸ਼ ਮੰਤਰੀ ਟੋਨੀ ਬਿਲੰਕਨ, ਸੰਯੁਕਤ ਰਾਸ਼ਟਰ ਮਹਾਂਸਕੱਤਰ ਏਂਟੀਨਿਓ ਗੁਤਾਰੇਸ ਤੇ ਬਾਇਡਨ ਸਰਕਾਰ ਦੇ ਹੋਰ ਆਹਲਾ ਅਧਿਕਾਰੀਆਂ ਨਾਲ ਮੁਲਾਕਾਤ ਹੋਣੀ ਹੈ।


ਵੈਕਸੀਨ ਲਈ ਕੱਚੇ ਮਾਲ ਦੀ ਪੂਰਤੀ ਤੇਜ਼ ਕਰਨ 'ਤੇ ਜ਼ੋਰ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਜਨਵਰੀ 'ਚ ਸੱਤਾ ਸਾਂਭਣ ਤੋਂ ਬਾਅਦ ਭਾਰਤ ਦੇ ਕਿਸੇ ਸੀਨੀਅਰ ਮੰਤਰੀ ਦੀ ਇਹ ਪਹਿਲੀ ਯਾਤਰਾ ਹੈ। ਜੈਸ਼ੰਕਰ ਵਾਸ਼ਿੰਗਟਨ 'ਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਿਲੰਕੇਨ ਦੇ ਨਾਲ ਚਰਚਾ ਕਰਨਗੇ। ਉਹ ਅਮਰੀਕੀ ਮੰਤਰੀ ਮੰਡਲ ਦੇ ਮੈਂਬਰਾਂ ਤੇ ਉੱਥੋਂ ਦੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਦੋ ਪੱਖੀ ਚਰਚਾ ਕਰਨਗੇ।


ਸਮਝਿਆ ਜਾਂਦਾ ਹੈ ਕਿ ਇਸ ਯਾਤਰਾ ਦੌਰਾਨ ਜੈਸ਼ੰਕਰ ਭਾਰਤ 'ਚ ਕੋਵਿਡ-19 ਰੋਧੀ ਟੀਕੇ ਦੇ ਘਰੇਲੂ ਉਤਪਾਦਨ ਨੂੰ ਵਧਾਉਣ ਲਈ ਅਮਰੀਕਾ ਤੋਂ ਕੱਚੇ ਮਾਲ ਦੀ ਪੂਰਤੀ ਤੇਜ਼ ਕਰਨ 'ਤੇ ਜ਼ੋਰ ਦੇ ਸਕਦੇ ਹਨ। ਇਸ ਦੇ ਨਾਲ ਹੀ ਟੀਕੇ ਦੇ ਸੰਯੁਕਤ ਉਤਪਾਦਨ ਦੀ ਸੰਭਾਵਨਾ ਬਾਰੇ ਵੀ ਉਹ ਚਰਚਾ ਕਰਨਗੇ। ਮੰਤਰਾਲੇ ਦੇ ਬਿਆਨ ਮੁਤਾਬਕ ਵਿਦੇਸ਼ ਮੰਤਰੀ ਦੀ ਯਾਤਰਾ ਦੌਰਾਨ ਉਨ੍ਹਾਂ ਦਾ ਭਾਰਤ ਅਮਰੀਕਾ ਦੇ ਵਿਚ ਆਰਥਿਕ ਤੇ ਕੋਵਿਡ-19 ਮਹਾਮਾਰੀ ਨਾਲ ਜੁੜੇ ਸਹਿਯੋਗ ਨੂੰ ਲੈਕੇ ਕਾਰੋਬਾਰੀ ਮੰਚਾਂ ਨਾਲ ਸੰਵਾਦ ਦਾ ਪ੍ਰੋਗਰਾਮ ਹੈ।