ਨਵੀਂ ਦਿੱਲੀ: ਦੁਨੀਆਂ ਭਰ 'ਚ ਜਾਰੀ ਕੋਰੋਨਾ ਦੇ ਕਹਿਰ ਦੇ ਵਿਚ ਜਿਨੇਵਾ 'ਚ 24 ਮਈ ਤੋਂ ਵਰਲਡ ਹੈਲਥ ਅਸੈਂਬਲੀ ਦੀ ਅਹਿਮ ਬੈਠਕ ਸ਼ੁਰੂ ਹੋਵੇਗੀ ਜੋ ਪਹਿਲੀ ਜੂਨ ਤਕ ਚੱਲੇਗੀ।  ਵਿਸ਼ਵ ਸਿਹਤ ਸੰਗਠਨ ਦੀ ਸਭ ਤੋਂ ਵੱਡੀ ਫੈਸਲਾਕੁੰਨ ਸੰਸਥਾ ਦੀ ਇਹ ਬੈਠਕ ਕੋਵਿਡ-19 ਸੰਕਟ ਖਤਮ ਕਰਨ ਦੇ ਉਪਾਅ ਤੇ ਭਵਿੱਖ 'ਚ ਅਜਿਹੀ ਕਿਸੇ ਮਹਾਮਾਰੀ ਦੀ ਰੋਕਥਾਮ ਦੇ ਉਪਾਵਾਂ 'ਤੇ ਚਰਚਾ ਕਰੇਗੀ।


ਇਸ ਬੈਠਕ 'ਚ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀਮੰਡਲ, ਯੂਐਨ, ਸਹਿਯੋਗੀ ਮੈਂਬਰਾਂ ਤੇ ਗੈਰ-ਸਰਕਾਰੀ ਸੰਗਠਨਾਂ ਦੇ ਪ੍ਰਤੀਨਿਧ ਵੀ ਸ਼ਰੀਕ ਹੋਣਗੇ। ਹਾਲਾਂਕਿ ਮੌਜੂਦਾ ਕੋਵਿਡ ਸੰਕਟ ਦੇ ਮੱਦੇਨਜ਼ਰ WHA ਦੀ ਇਹ 74ਵੀਂ ਬੈਠਕ ਵਰਚੂਅਲ ਤਰੀਕੇ ਨਾਲ ਹੋਵੇਗੀ।  ਸ਼ੁਰੂਆਤੀ ਸੈਸ਼ਨ 'ਚ ਇਕ ਉੱਚ ਪੱਧਰੀ ਬੈਠਕ 24 ਮਈ ਨੂੰ ਭਾਰਤੀ ਸਮੇਂ ਮੁਤਾਬਕ ਸ਼ਾਮ ਕਰੀਬ ਡੇਢ ਵਜੇ ਸ਼ੁਰੂ ਹੋਵੇਗੀ ਤੇ ਸਾਢੇ ਤਿੰਨ ਵਜੇ ਤਕ ਚੱਲੇਗੀ।


ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਪਰਿਸ਼ਦ ਦੀ ਅਗਵਾਈ ਇਸ ਸਮੇਂ ਭਾਰਤ ਕੋਲ ਹੈ। ਭਾਰਤੀ ਸਿਹਤ ਮੰਤਰੀ ਡਾ. ਹਰਸ਼ਵਰਧਨ ਦੀ ਭੂਮਿਕਾ ਇਸ ਬੈਠਕ 'ਚ ਮਹੱਤਵਪੂਰਨ ਹੋਵੇਗੀ। ਕੋਰੋਨਾ ਦੀ ਰੋਕਥਾਮ ਲਈ ਚੱਲ ਰਹੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਵੀ ਨਜ਼ਰਾਂ ਭਾਰਤ 'ਤੇ ਹੋਣਗੀਆਂ ਜਿੱਥੇ ਬੀਤੇ ਦੋ ਮਹੀਨਿਆਂ 'ਚ ਕੋਰੋਨਾ ਦੀ ਦੂਜੀ ਲਹਿਰ 'ਚ ਕਈ ਜਾਨਾਂ ਗਈਆਂ ਹਨ।


ਇਸ ਦਰਮਿਆਨ ਬੈਠਕ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਸਕੱਤਰੇਤ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਵੈਸੇ ਤਾਂ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ। ਪਰ ਇਸ ਦੀ ਸਭ ਤੋਂ ਜ਼ਿਆਦਾ ਉਨ੍ਹਾਂ ਵਰਗਾਂ 'ਤੇ ਪਈ ਹੈ ਜੋ ਕਮਜ਼ੋਰ ਹਨ। ਇਨ੍ਹਾਂ ਤਬਕਿਆਂ ਨੂੰ ਜਿੱਥੇ ਬਿਹਤਰ ਸਿਹਤ ਸੁਵਿਧਾਵਾਂ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ ਉੱਥੇ ਹੀ ਮਹਾਂਮਾਰੀ ਦੀ ਰੋਕਥਾਮ ਦੇ ਉਪਾਅ ਨਾਲ ਉਨ੍ਹਾਂ ਦਾ ਰੋਜ਼ਗਾਰ ਵੀ ਪ੍ਰਭਾਵਿਤ ਹੋਇਆ ਹੈ।


ਧਿਆਨ ਰਹੇ ਕਿ ਬੀਤੇ ਇਕ ਸਾਲ 'ਚ ਕੋਰੋਨਾ ਮਹਾਮਾਰੀ ਦਾ ਪ੍ਰਸਾਰ ਜਿੱਥੇ 40 ਗੁਣਾ ਵਧਿਆ ਹੈ ਉੱਥੇ ਹੀ ਇਸ ਨਾਲ ਹੋਈਆਂ ਮੌਤਾਂ ਦਾ ਅੰਕੜਾ ਦੁਨੀਆਂ 'ਚ 33 ਲੱਖ ਤੋਂ ਜ਼ਿਆਦਾ ਹੋ ਚੁੱਕਾ ਹੈ। ਵਿਸ਼ਵ ਸਿਹਤ ਸਭਾ ਦੀ ਬੈਠਕ ਦਾ ਇਕ ਮੁੱਦਾ ਵੈਕਸੀਨ ਉਪਲਬਧਤਾ ਦੀਆਂ ਮੁਸ਼ਕਲਾਂ ਦੂਰ ਕਰਨਾ ਵੀ ਹੋਵੇਗਾ। WHO ਦੇ ਮੁਤਾਬਕ ਦੁਨੀਆਂਭਰ ਚ ਹੁਣ ਤਕ ਦਿੱਤੇ ਗਏ 75 ਫੀਸਦ ਵੈਕਸੀਨ ਸਿਰਫ 10 ਮੁਲਕਾਂ ਤਕ ਸੀਮਿਤ ਹਨ। ਜਦਕਿ ਬਹੁਤ ਕਮਜ਼ੋਰ ਆਮਦਨ ਵਾਲੇ ਮੁਲਕਾਂ 'ਚ ਤਾਂ ਕੌਮਾਂਤਰੀ ਵੈਕਸੀਨ ਡੋਜ਼ ਦੀ ਅੱਧੀ ਫੀਸਦ ਵੀ ਹਿੱਸੇਦਾਰੀ ਨਹੀਂ ਪਹੁੰਚੀ। ਅਜਿਹੇ 'ਚ WHA ਦੀ ਤਾਜ਼ਾ ਬੈਠਕ ਇਸਦੀਆਂ ਅੜਚਨਾਂ ਦੂਰ ਕਰਨ 'ਚ ਯਤਨ ਕਰੇਗੀ।


ਬੈਠਕ ਦੇ ਏਜੰਡੇ 'ਚ ਕੋਵਿਡ 19 ਮਹਾਮਾਰੀ ਨਾਲ ਨਜਿੱਠਣ 'ਚ ਮੌਜੂਦਾ ਉਪਾਵਾਂ ਨੂੰ ਮਜਬੂਤ ਕਰਨਾ, ਲੋਕ ਸਿਹਤ ਤੇ ਸਿਹਤ ਖੇਤਰ 'ਚ ਬੌਧਿਕ ਸੰਪਦਾ ਕਾਨੂੰਨਾਂ ਤੇ ਇਨੋਵੇਸ਼ਨ ਜਿਹੇ ਮੁੱਦਿਆਂ ਤੋਂ ਇਲਾਵਾ ਮਰੀਜ਼ਾਂ ਦੀ ਸੁਰੱਖਿਆ, ਟੀਕਾਕਰਨ ਪ੍ਰੋਗਰਾਮ 2030, ਗੈਰ ਇਫੈਕਟਡ ਰੋਗਾਂ ਦੀ ਰੋਕਥਾਮ ਸਮੇਤ ਕਈ ਮੁੱਦੇ ਸ਼ਾਮਲ ਹਨ।


ਵਿਸ਼ਵ ਸਿਹਤ ਸਭਾ ਦੀ ਬੈਠਕ 'ਚ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਦੇ ਉਪਾਵਾਂ ਤੇ ਤਿੰਨ ਮਹੱਤਵਪੂਰਨ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ। ਇਸ 'ਚ ਹੈਲਥ ਐਮਰਜੈਂਸੀ ਪ੍ਰੋਗਰਾਮ ਦੀ ਆਜ਼ਾਦ ਨਿਗਰਾਨੀ ਤੇ ਸਲਾਹਕਾਰ ਕਮੇਟੀ ਦੀ ਰਿਪੋਰਟ, ਮਹਾਮਾਰੀ ਦੇ ਖਿਲਾਫ ਤਿਆਰੀਆਂ ਤੇ ਅੰਤਰ ਰਾਸ਼ਟਰੀ ਸਿਹਤ ਨਿਯਮਾਂ 'ਤੇ ਰਿਪੋਰਟ ਸ਼ਾਮਲ ਹੈ।