ਨਵੀਂ ਦਿੱਲੀ: ਦੇਸ਼ ਵਿੱਚ ਇਸ ਸਮੇਂ ਹਰ ਕੋਈ ਗਰਮੀ ਤੋਂ ਪ੍ਰੇਸ਼ਾਨ ਹੈ। ਇਸ ਦਰਮਿਆਨ ਸੋਸ਼ਲ ਮੀਡੀਆ 'ਤੇ ਇੱਕ ਅਜਿਹਾ ਵੀਡੀਓ ਫੈਲ ਰਿਹਾ ਹੈ ਜਿਸ ਵਿੱਚ ਗਰਮੀ ਨੇ ਸਾਰੀਆਂ ਹੱਦਾਂ ਪਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦਾਅਵਾ ਹੈ ਕਿ ਕੁਵੈਤ ਵਿੱਚ ਤਾਪਮਾਨ 62 ਡਿਗਰੀ ਤਕ ਪਹੁੰਚ ਗਿਆ, ਜਿਸ ਕਾਰਨ ਦਰੱਖ਼ਤ ਸੜ ਗਏ।
ਕੀ ਦਿੱਸ ਰਿਹਾ ਵੀਡੀਓ ਵਿੱਚ ?
ਤਕਰੀਬਨ ਡੇਢ ਮਿੰਟ ਦੀ ਵੀਡੀਓ ਦੀ ਸ਼ੁਰੂਆਤ ਸੜਕ ਕੰਢੇ ਲੱਗੇ ਖਜੂਰ ਦੇ ਦਰੱਖ਼ਤ ਤੋਂ ਹੁੰਦੀ ਹੈ। ਦਰੱਖ਼ਤ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਹੌਲੀ-ਹੌਲੀ ਪੂਰਾ ਰੁੱਖ ਹੀ ਅੱਗ ਦੀ ਲਪੇਟ ਵਿੱਚ ਆ ਜਾਂਦਾ ਹੈ। ਕੁਵੈਤ ਵਿੱਚ 62 ਡਿਗਰੀ ਤਾਪਮਾਨ ਦੀ ਗਵਾਹੀ ਦਿੰਦੀਆਂ ਹੋਰ ਵੀ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਮੌਜੂਦ ਹਨ।
ਕੀ ਸੜਕ ਕੰਢੇ ਦਰੱਖ਼ਤ ਨੂੰ ਸੂਰਜ ਨੇ ਆਪਣੀ ਗਰਮੀ ਨਾਲ ਸਾੜ ਦਿੱਤਾ?
'ਏਬੀਪੀ ਨਿਊਜ਼' ਨੇ ਵਾਇਰਲ ਮੈਸੇਜ ਦੀ ਪੜਤਾਲ ਕੀਤੀ। ਸਭ ਤੋਂ ਪਹਿਲਾਂ ਕੁਵੈਤ ਦੇ ਮੌਸਮ ਵਿਭਾਗ ਤੋਂ ਜਾਣਕਾਰੀ ਲਈ ਤਾਂ ਪਤਾ ਲੱਗਾ ਕਿ ਕੁਵੈਤ ਵਿੱਚ ਵੱਧ ਤੋਂ ਵੱਧ ਤਾਪਮਾਨ 42 ਤੋਂ 45 ਡਿਗਰੀ ਸੈਂਟੀਗ੍ਰੇਡ ਤਕ ਰਹਿੰਦਾ ਹੈ। ਵਿਭਾਗ ਦੀ ਵੈੱਬਸਾਈਟ ਮੁਤਾਬਕ ਫਿਲਹਾਲ ਤਾਪਮਾਨ 50 ਡਿਗਰੀ ਤਕ ਵੀ ਨਹੀਂ ਪਹੁੰਚ ਰਿਹਾ ਤਾਂ 62 ਡਿਗਰੀ ਤਕ ਜਾਣ ਦੀ ਗੱਲ ਤਾਂ ਬਹੁਤ ਦੂਰ ਹੈ। ਹੋਰ ਜਾਣਕਾਰੀ ਇਕੱਠੀ ਕੀਤੀ ਤਾਂ ਪਤਾ ਲੱਗਾ ਕਿ ਮਾਰਚ ਤੋਂ ਲੈ ਕੇ ਮਈ ਤਕ ਇੱਕ ਵੀ ਦਿਨ ਤਾਪਮਾਨ 45 ਡਿਗਰੀ ਤੋਂ ਜ਼ਿਆਦਾ ਨਹੀਂ ਗਿਆ।
ਕੀ ਕੁਵੈਤ ਵਿੱਚ ਕਦੇ ਵੀ ਤਾਪਮਾਨ 62 ਡਿਗਰੀ ਤਕ ਪਹੁੰਚਿਆ?
ਕੁਵੈਤ ਟਾਈਮਜ਼ ਵਿੱਚ ਛਪੇ ਇੰਟਰਵਿਊ ਵਿੱਚ ਫਿੰਤਾਸ ਵੈਦਰ ਆਬਜ਼ਰਵੇਟ੍ਰੀ ਦੇ ਮਖੀ ਅਦੇਲ ਅਲ ਸਾਦੌਨ ਮੁਤਾਬਕ ਇਹ ਖ਼ਬਰ ਝੂਠੀ ਹੈ। ਕੁਵੈਤ ਦੇ ਇਤਿਹਾਸ ਵਿੱਚ ਵੱਧ ਤੋਂ ਵੱਧ ਤਾਪਮਾਨ 51 ਡਿਗਰੀ ਸੈਂਟੀਗ੍ਰੇਡ ਰਿਹਾ ਹੈ। ਕੁਵੈਤ ਦਾ ਤਾਪਮਾਨ ਕਦੇ ਵੀ 62 ਡਿਗਰੀ ਤਕ ਨਹੀਂ ਪਹੁੰਚਿਆ।
ਤਾਂ ਫਿਰ ਵਾਇਰਲ ਵੀਡੀਓ ਹੈ ਕਿੱਥੋਂ ਦਾ?
ਇੰਟਰਨੈੱਟ ਉੱਪਰਾ ਕਾਫੀ ਮਿਹਨਤ ਤੋਂ ਬਾਅਦ ਇਹ ਪਤਾ ਲੱਗਾ ਹੈ ਕਿ ਵਾਇਰਲ ਵੀਡੀਓ ਕੁਵੈਤ ਦਾ ਨਹੀਂ। ਇਹ ਸਾਊਦੀ ਅਰਬ ਦੇ ਸ਼ਹਿਰ ਮਦੀਨਾ ਦਾ ਹੈ, ਜਿੱਥੇ ਸਾਲ 2017 ਦੌਰਾਨ ਬਿਜਲੀ ਡਿੱਗਣ ਨਾਲ ਦਰੱਖ਼ਤ ਨੂੰ ਅੱਗ ਲੱਗ ਜਾਂਦੀ ਹੈ। ਇਸ ਲਈ ਏਬੀਪੀ ਦੀ ਪੜਤਾਲ ਵਿੱਚ 62 ਡਿਗਰੀ ਤਾਪਮਾਨ ਵਿੱਚ ਕੁਵੈਤ ਦੇ ਦਰੱਖ਼ਤ ਸੜਨ ਦਾ ਦਾਅਵਾ ਝੂਠਾ ਸਾਬਤ ਹੋਇਆ ਹੈ।