ਅੰਮ੍ਰਿਤਸਰ: ਪਾਕਿਸਤਾਨ ਦੇ ਪ੍ਰਸਿੱਧ ਸਿੱਖ ਆਗੂ ਤੇ ਮਨੁੱਖੀ ਹੱਕਾਂ ਦੇ ਕਾਰਕੁੰਨ ਚਰਨਜੀਤ ਸਿੰਘ ਦਾ ਮੰਗਲਵਾਰ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਮੁਤਾਬਕ ਚਰਨਜੀਤ ਸਿੰਘ 'ਤੇ ਕੋਹਾਤ ਦੇ ਬੱਸ ਅੱਡੇ ਨੇੜੇ ਉਨ੍ਹਾਂ ਦੀ ਦੁਕਾਨ ਵਿੱਚ ਵੜ ਕੇ ਕੁਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਹਮਲਾ ਕੀਤਾ, ਜਿਸ ਵਿੱਚ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਚਰਨਜੀਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਪਾਕਿਸਤਾਨ ਦੇ ਸਰਹੱਦੀ ਸੂਬੇ ਖ਼ੈਬਰ ਪਖ਼ਤੂਨਖ਼ਵਾ ਦੀ ਰਾਜਧਾਨੀ ਪੇਸ਼ਾਵਰ ਵਿੱਚ ਰਹਿੰਦੇ ਸਨ।
ਪੁਲਿਸ ਮੁਤਾਬਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪਾਕਿਸਤਾਨ ਦੇ ਸਿੱਖ ਲੀਡਰਾਂ ਰਦੇਸ਼ ਸਿੰਘ ਤੂਨੀ ਤੇ ਜਤਿੰਦਰ ਸਿੰਘ ਨੇ ਇਸ ਘਟਨਾ ਨੂੰ ਦਹਿਸ਼ਤੀ ਹਮਲਾ ਕਰਾਰ ਦਿੱਤਾ ਹੈ। ਰਦੇਸ਼ ਸਿੰਘ ਮੁਤਾਬਕ ਦੇਸ਼ ਵਿੱਚ ਲੋਕਤੰਤਰਿਕ ਤਹਿਤ ਚੁਣੀ ਸਰਕਾਰ ਦੀ ਮਿਆਦ ਪੁੱਗਣ 'ਤੇ ਅਜਿਹਾ ਹਮਲਾ ਦਹਿਸ਼ਤ ਫੈਲਾਉਣ ਤੋਂ ਇਲਾਵਾ ਹੋਰ ਕਿਸ ਮਕਸਦ ਨਾਲ ਕੀਤਾ ਜਾ ਸਕਦਾ ਹੈ।
ਜਤਿੰਦਰ ਸਿੰਘ ਨੇ ਮਰਹੂਮ ਚਰਨਜੀਤ ਸਿੰਘ ਦੀ ਸ਼ਖ਼ਸੀਅਤ ਬਾਰੇ ਦੱਸਦਿਆਂ ਕਿਹਾ ਕਿ ਉਹ ਨਾ ਸਿਰਫ਼ ਸਿੱਖਾਂ ਦੇ ਮੋਹਰੀ ਸਨ ਬਲਕਿ ਖ਼ੈਬਰ ਪਖ਼ਤੂਨਖ਼ਵਾ ਦੇ ਮੁਸਲਮਾਨ ਭਾਈਚਾਰੇ ਵਿੱਚ ਵੀ ਉਨ੍ਹਾਂ ਦਾ ਕਾਫੀ ਅਸਰ ਰਸੂਖ਼ ਸੀ। ਉਨ੍ਹਾਂ ਦੱਸਿਆ ਕਿ ਅਤਿਵਾਦ ਵਿਰੋਧੀ ਤੇ ਅਮਨ ਸ਼ਾਂਤੀ ਦੇ ਪਸਾਰ ਲਈ ਕਾਰਜਸ਼ੀਲ ਕਈ ਸੰਗਠਨਾ ਨਾਲ ਚਰਨਜੀਤ ਸਿੰਘ ਜੁੜੇ ਹੋਏ ਸਨ।