ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪੂਰੀ ਦੁਨੀਆ ‘ਚ ਬੇਸ਼ੱਕ ਅੱਤਵਾਦ ਖਿਲਾਫ ਕਾਰਵਾਈ ਦੀ ਗੱਲ ਕਰ ਰਹੇ ਹਨ ਪਰ ਉਨ੍ਹਾਂ ਦੀਆਂ ਹਰਕਤਾਂ ਇੱਕ ਵਾਰ ਫੇਰ ਦੁਨੀਆ ਸਾਹਮਣੇ ਆ ਗਈਆਂ। ਦੁਨੀਆ ‘ਚ ਟੈਰਰ ਫੰਡਿੰਗ ‘ਤੇ ਨਜ਼ਰ ਰੱਖਣ ਵਾਲੀ ਸੰਸਥਾ ਫਾਈਨੈਂਸ਼ੀਅਲ ਐਕਸ਼ਨ ਫੋਰਸ (ਐਫਏਟੀਐਫ) ਦੀ ਏਸ਼ੀਆ ਪੈਸਿਫਿਕ ਗਰੁੱਪ ਦੀ ਰਿਪੋਰਟ ਸਾਹਮਣੇ ਆਈ ਹੈ।


ਇਸ ਰਿਪੋਰਟ ਮੁਤਾਬਕ, ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਤੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਖਿਲਾਫ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ। ਏਸ਼ੀਆ/ਪੈਸੀਫਿਕ ਆਨ ਮਨੀ ਲਾਡ੍ਰਿੰਗ ਦੀ ਰਿਪੋਰਟ ‘ਚ ਕਿਹਾ ਗਿਆ, “ਮਨੀ ਲਾਂਡ੍ਰਿੰਗ ਤੇ ਟੈਰਰ ਫੰਡਿੰਗ ਖਿਲਾਫ ਕਾਰਵਾਈ ‘ਚ 10 ਵਿੱਚੋਂ 9 ਮਾਪਦੰਡਾਂ ‘ਤੇ ਪਾਕਿਸਤਾਨ ਫੇਲ੍ਹ ਰਿਹਾ ਹੈ। ਸੰਯੁਕਤ ਰਾਸ਼ਟਰ ਸਭਾ ਵੱਲੋਂ ਲਾਗੂ ਕੀਤੇ ਨਿਯਮਾਂ ਮੁਤਾਬਕ ਪਾਕਿਸਤਾਨ ਨੇ ਸਹੀ ਕਦਮ ਨਹੀਂ ਚੁੱਕੇ। ਪਾਕਿ ਨੇ ਅੱਤਵਾਦੀ ਸੰਗਠਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।”

ਰਿਪੋਰਟ ‘ਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਗਿਆ ਹੈ ਕਿ ਅੱਜ ਵੀ ਇਹ ਅੱਤਵਾਦੀ ਸੰਗਠਨ ਪਾਕਿ ‘ਚ ਖੁੱਲ੍ਹੇਆਮ ਸਭਾਵਾਂ ਕਰਦੇ ਹਨ ਤੇ ਫੰਡ ਇਕੱਠਾ ਕਰਦੇ ਹਨ। ਇਸ ਤੋਂ ਬਾਅਦ ਪਾਕਿਸਤਾਨ ‘ਤੇ ਬਲੈਕ ਲਿਸਟ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪਾਕਿਸਥਾਨ ਦੀਆਂ ਆਰਥਿਕ ਪੱਖੋਂ ਮੁਸ਼ਕਲਾਂ ਹੋਰ ਵਧ ਜਾਣਗੀਆਂ।