ਚੰਡੀਗੜ੍ਹ: ਇਸਰੋ ਨੇ ਹਾਲ ਹੀ ਵਿੱਚ ਚੰਦਰਯਾਨ-2 ਆਰਬਿਟਰ ਦੁਆਰਾ ਭੇਜੀਆਂ ਚੰਦਰਮਾ ਦੀ ਸਤਹਿ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਉਸੇ ਸਮੇਂ, ਲੈਂਡਰ ਵਿਕਰਮ ਦੇ ਨਾਲ ਸੰਪਰਕ ਦੀ ਉਮੀਦ ਵੀ ਵਧ ਗਈ ਹੈ, ਹਾਲਾਂਕਿ ਇਸ ਦੀ ਉਮੀਦ ਘੱਟ ਹੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਸੰਯੁਕਤ ਅਰਬ ਅਮੀਰਾਤ ਦੇ ਪਹਿਲੇ ਪੁਲਾੜ ਯਾਤਰੀ ਨੇ ਵੀ ਪੁਲਾੜ ਤੋਂ ਕੁਝ ਫੋਟੋਆਂ ਜਾਰੀ ਕੀਤੀਆਂ ਹਨ, ਜਿਸ ਵਿੱਚ ਮੁਸਲਿਮ ਧਰਮ ਦਾ ਸਭ ਤੋਂ ਪਵਿੱਤਰ ਸਾਊਦੀ ਅਰਬ ਦਾ ਸ਼ਹਿਰ ਮੱਕਾ ਦਿਖਾਈ ਦੇ ਰਿਹਾ ਹੈ। ਇਹ ਫੋਟੋਆਂ ਯੂਏਈ ਦੇ ਪੁਲਾੜ ਯਾਤਰੀ ਹੱਜਾ ਅਲ ਮਨਸੂਰੀ ਨੇ ਪੁਲਾੜ ਤੋਂ ਲਈਆਂ ਹਨ। ਉਸ ਨੇ ਇੱਕ ਟਵੀਟ ਕਰ ਕੇ ਇਹ ਤਸਵੀਰਾਂ ਭੇਜੀਆਂ ਹਨ।
ਦੱਸ ਦੇਈਏ ਪੁਲਾੜ ਯਾਤਰੀ ਹੱਜਾ ਨੇ 2 ਅਕਤੂਬਰ ਨੂੰ ਯੂਏਈ ਦੇ ਰਾਤ ਦੇ ਦ੍ਰਿਸ਼ ਦੀ ਫੋਟੋ ਵੀ ਸਾਂਝੀ ਕੀਤੀ ਸੀ। ਇਸ ਵਿੱਚ ਸਾਊਦੀ ਅਰਬ ਦਾ ਮੱਕਾ ਸ਼ਹਿਰ ਦਿਖਾਈ ਦੇ ਰਿਹਾ ਹੈ। ਮੱਕਾ ਸ਼ਹਿਰ ਹਰ ਮੁਸਲਮਾਨ ਲਈ ਬਹੁਤ ਖ਼ਾਸ ਹੈ। ਦੱਸ ਦੇਈਏ ਕਿ ਹੱਜਾ ਨੇ ਅਮਰੀਕੀ ਪੁਲਾੜ ਯਾਤਰੀ ਜੈਸਿਕਾ ਮੀਰ ਤੇ ਰੂਸ ਦੇ ਕਮਾਂਡਰ ਓਲੇਗ ਸਕ੍ਰਿਪੋਚਕਾ ਨਾਲ ਕਜ਼ਾਕਿਸਤਾਨ ਦੇ ਬੈਕੋਨੂਰ ਕੋਸਮੋਡਰੋਮ ਤੋਂ ਉਡਾਣ ਭਰੀ ਸੀ।
ਉਹ ਉਨ੍ਹਾਂ ਦੋ ਲੋਕਾਂ ਵਿਚੋਂ ਇਕ ਹੈ ਜਿਨ੍ਹਾਂ ਨੂੰ 2018 ਵਿੱਚ ਯੂਏਈ ਸਪੇਸ ਪ੍ਰੋਗਰਾਮ ਲਈ ਚੁਣਿਆ ਗਿਆ ਸੀ। 8 ਦਿਨਾਂ ਦੇ ਮਿਸ਼ਨ ਤੋਂ ਬਾਅਦ, ਹੱਜਾ 3 ਸਤੰਬਰ ਨੂੰ ਆਪਣੀ ਪੁਲਾੜੀ ਯਾਤਰਾ ਤੋਂ ਸੁਰੱਖਿਅਤ ਪਰਤ ਆਇਆ ਹੈ। ਹੱਜਾ 35 ਸਾਲਾਂ ਦਾ ਹੈ। ਇਨ੍ਹਾਂ ਤਸਵੀਰਾਂ ਦੇ ਆਉਣ ਤੋਂ ਬਾਅਦ ਪੂਰੇ ਯੂਏਈ ਵਿੱਚ ਉਸ ਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ।