ਰੂਸ ਵਿੱਚ ਜਣਨ ਦਰ ਇਸ ਸਮੇਂ ਸਭ ਤੋਂ ਘੱਟ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਦੇ ਨੌਜਵਾਨਾਂ ਨੂੰ ਕਿਹਾ ਹੈ ਕਿ ਉਹ ਕੰਮ ਦੇ ਵਿਚਕਾਰ ਮੌਜੂਦ ਸਮੇਂ ਦੀ ਵਰਤੋਂ ਸਰੀਰਕ ਸਬੰਧ ਬਣਾਉਣ ਲਈ ਕਰਨ। ਪੁਤਿਨ ਨੇ ਰੂਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੰਮ ਦੇ ਸਥਾਨਾਂ 'ਤੇ ਦੁਪਹਿਰ ਦੇ ਖਾਣੇ ਅਤੇ ਕੌਫੀ ਬ੍ਰੇਕ ਦੌਰਾਨ ਸਮਾਂ ਹੋਣ 'ਤੇ ਰਿਸ਼ਤੇ ਬਣਾਉਣ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਰਾਸ਼ਟਰਪਤੀ ਪੁਤਿਨ ਨੂੰ ਆਪਣੇ ਦੇਸ਼ ਵਾਸੀਆਂ ਨੂੰ ਅਜਿਹੀ ਅਪੀਲ ਕਿਉਂ ਕਰਨੀ ਪਈ।


ਰੂਸ ਵਿੱਚ ਜਣਨ ਦਰ ਵਿੱਚ ਕੁਝ ਸਾਲਾਂ ਤੋਂ ਕਾਫ਼ੀ ਗਿਰਾਵਟ ਆਈ ਹੈ। ਵਲਾਦੀਮੀਰ ਪੁਤਿਨ ਨੇ ਦੇਸ਼ ਦੀ ਡਿੱਗਦੀ ਜਨਮ ਦਰ ਨੂੰ ਸੰਭਾਲਣ ਲਈ ਇਹ ਅਪੀਲ ਕੀਤੀ ਹੈ। ਪੁਤਿਨ ਨੇ ਕਿਹਾ ਕਿ ਦੇਸ਼ ਇਸ ਸਮੇਂ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਅਸੀਂ ਆਬਾਦੀ ਦੀ ਕਮੀ ਦਾ ਸਾਹਮਣਾ ਕਰ ਰਹੇ ਹਾਂ ਤੇ ਇਸ ਨਾਲ ਨਜਿੱਠਣ ਲਈ ਨੌਜਵਾਨਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ।


ਮੈਟਰੋ ਦੀ ਇੱਕ ਰਿਪੋਰਟ ਦੇ ਅਨੁਸਾਰ, ਰੂਸ ਵਿੱਚ ਜਣਨ ਦਰ, ਯਾਨੀ ਕਿ ਇੱਕ ਔਰਤ ਆਪਣੇ ਜੀਵਨ ਕਾਲ ਵਿੱਚ ਬੱਚਿਆਂ ਨੂੰ ਜਨਮ ਦੇਣ ਦੀ ਦਰ 1.5 ਹੈ। ਜਾਣਕਾਰੀ ਮੁਤਾਬਕ ਕਿਸੇ ਦੇਸ਼ ਦੀ ਆਬਾਦੀ ਨੂੰ ਸਥਿਰ ਰੱਖਣ ਲਈ ਇਹ ਦਰ 2.1 ਹੋਣੀ ਚਾਹੀਦੀ ਹੈ। ਇਸ ਤੋਂ ਘੱਟ ਹੋਣ 'ਤੇ ਆਬਾਦੀ ਘਟਣ ਲੱਗਦੀ ਹੈ। ਅਜਿਹੇ 'ਚ ਰੂਸ ਦੀ ਆਬਾਦੀ ਤੇਜ਼ੀ ਨਾਲ ਘੱਟ ਰਹੀ ਹੈ। ਇਸ ਨਾਲ ਦੇਸ਼ ਦੀ ਸਰਕਾਰ ਲਈ ਗੰਭੀਰ ਚਿੰਤਾ ਪੈਦਾ ਹੋ ਗਈ ਹੈ। ਇੱਕ ਪਾਸੇ ਘੱਟ ਬੱਚੇ ਪੈਦਾ ਹੋ ਰਹੇ ਹਨ, ਜਦਕਿ ਦੂਜੇ ਪਾਸੇ ਯੂਕਰੇਨ ਨਾਲ ਜੰਗ ਕਾਰਨ ਵੱਡੀ ਗਿਣਤੀ ਵਿੱਚ ਰੂਸੀ ਨੌਜਵਾਨ ਦੇਸ਼ ਛੱਡ ਚੁੱਕੇ ਹਨ। ਇਸ ਵੱਲ ਧਿਆਨ ਦਿਵਾਉਂਦੇ ਹੋਏ ਪੁਤਿਨ ਨੇ ਲੋਕਾਂ ਨੂੰ ਦਫਤਰਾਂ 'ਚ ਕੌਫੀ ਬ੍ਰੇਕ ਅਤੇ ਲੰਚ ਬ੍ਰੇਕ ਦੌਰਾਨ ਸਰੀਰਕ ਸਬੰਧ ਬਣਾਉਣ ਅਤੇ ਜ਼ਿਆਦਾ ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਹੈ।


ਘਟ ਰਹੀ ਰੂਸ ਦੀ ਆਬਾਦੀ?


ਪੁਤਿਨ ਨੇ ਕਿਹਾ ਕਿ ਇਹ ਰਾਸ਼ਟਰੀ ਮਹੱਤਵ ਦਾ ਸਵਾਲ ਹੈ ਤੇ ਸਾਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਰੂਸ ਦੇ ਸਿਹਤ ਮੰਤਰੀ ਡਾਕਟਰ ਯੇਵਗੇਨੀ ਸ਼ੇਸਟੋਪਾਲੋਵ ਨੇ ਪੁਤਿਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਲੋਕ ਕੰਮ ਕਾਰਨ ਬੱਚੇ ਨਾ ਹੋਣ ਦਾ ਬਹਾਨਾ ਬਣਾਉਂਦੇ ਹਨ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਕੰਮ ਵਾਲੀ ਥਾਂ 'ਤੇ ਸਰੀਰਕ ਸਬੰਧ ਬਣਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਕਹਿਣਾ ਕਿ ਉਹ ਕੰਮ ਵਿੱਚ ਬਹੁਤ ਰੁੱਝਿਆ ਹੋਇਆ ਹੈ ਇੱਕ ਬੇਕਾਰ ਬਹਾਨਾ ਹੈ।


ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੁਤਿਨ ਰੂਸ ਦੀ ਆਬਾਦੀ ਵਿੱਚ ਗਿਰਾਵਟ ਨੂੰ ਲੈ ਕੇ ਲੋਕਾਂ ਨੂੰ ਚਿੰਤਾ ਜ਼ਾਹਰ ਕਰ ਚੁੱਕੇ ਹਨ। ਪਿਛਲੇ ਸਾਲ ਦਸੰਬਰ ਵਿੱਚ, ਉਸਨੇ ਰੂਸੀ ਔਰਤਾਂ ਨੂੰ ਘੱਟੋ-ਘੱਟ ਅੱਠ ਬੱਚਿਆਂ ਨੂੰ ਜਨਮ ਦੇਣ ਅਤੇ ਵੱਡੇ ਪਰਿਵਾਰ ਬਣਾਉਣ ਦੀ ਅਪੀਲ ਕੀਤੀ ਸੀ। ਦਰਅਸਲ, ਰੂਸ ਦੀ ਜਨਮ ਦਰ 1999 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਇਸ ਸਾਲ ਜੂਨ ਮਹੀਨੇ ਵਿੱਚ ਬੱਚਿਆਂ ਦੇ ਜਨਮ ਦੀ ਗਿਣਤੀ ਇੱਕ ਲੱਖ ਤੋਂ ਹੇਠਾਂ ਆ ਗਈ ਹੈ। ਰੋਸਸਟੈਟ ਦੁਆਰਾ ਪ੍ਰਕਾਸ਼ਿਤ ਅੰਕੜਿਆਂ ਦੇ ਅਨੁਸਾਰ, 2024 ਦੀ ਪਹਿਲੀ ਛਿਮਾਹੀ ਵਿੱਚ ਰੂਸ ਵਿੱਚ 599,600 ਬੱਚਿਆਂ ਦਾ ਜਨਮ ਹੋਇਆ, ਜੋ ਕਿ 2023 ਦੀ ਇਸੇ ਮਿਆਦ ਦੇ ਮੁਕਾਬਲੇ 16,000 ਘੱਟ ਹੈ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਜੁਲਾਈ ਵਿੱਚ ਕਿਹਾ ਸੀ ਕਿ ਇਹ ਦੇਸ਼ ਦੇ ਭਵਿੱਖ ਲਈ ਵਿਨਾਸ਼ਕਾਰੀ ਸੀ।