Indian Student Death in Canada: ਕੈਨੇਡਾ ‘ਚ ਇੱਕ ਭਾਰਤੀ ਵਿਦਿਆਰਥੀ ਦੀ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਭਾਰਤੀ ਮੂਲ ਦਾ ਵਿਦਿਆਰਥੀ ਟੋਰਾਂਟੋ ਦੀ ਇੱਕ ਝੀਲ ਦੇ ਕੰਢੇ ਜਨਮ ਦਿਨ ਦੀ ਪਾਰਟੀ ਮਨਾਉਣ ਗਿਆ ਸੀ। ਹੈਦਰਾਬਾਦ ਦੇ ਰੰਗਰੇਡੀ ਜ਼ਿਲ੍ਹੇ ਦੇ ਰਹਿਣ ਵਾਲੇ ਵਿਦਿਆਰਥੀ ਏ ਪ੍ਰਣੀਤ ਨੇ ਹਾਲ ਹੀ ਵਿੱਚ ਪੀਜੀ ਦੀ ਪੜ੍ਹਾਈ ਪੂਰੀ ਕੀਤੀ ਸੀ ਤੇ ਕੈਨੇਡਾ ਵਿੱਚ ਨੌਕਰੀ ਦੀ ਤਲਾਸ਼ ਵਿੱਚ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਤੋਂ ਤੁਰੰਤ ਕਾਰਵਾਈ ਕਰਕੇ ਲਾਸ਼ ਨੂੰ ਭਾਰਤ ਭੇਜਣ ਦੀ ਅਪੀਲ ਕੀਤੀ ਹੈ।
ਦਰਅਸਲ, ਹੈਦਰਾਬਾਦ ਦੇ ਇੱਕ ਪਰਿਵਾਰ 'ਤੇ ਉਸ ਸਮੇਂ ਦੁਖਾਂਤ ਵਾਪਰ ਗਿਆ ਜਦੋਂ ਕੈਨੇਡਾ ਵਿੱਚ ਏ ਪ੍ਰਣੀਤ ਨਾਮਕ ਵਿਦਿਆਰਥੀ ਦੀ ਮੌਤ ਹੋ ਗਈ। ਪ੍ਰਣੀਤ ਐਤਵਾਰ ਨੂੰ ਆਪਣੇ ਦੋਸਤਾਂ ਨਾਲ ਜਨਮ ਦਿਨ ਦੀ ਪਾਰਟੀ ਮਨਾਉਂਦੇ ਹੋਏ ਟੋਰਾਂਟੋ ਦੀ ਝੀਲ 'ਚ ਡੁੱਬ ਗਿਆ। ਪ੍ਰਣੀਤ ਰੰਗਾ ਰੈੱਡੀ ਜ਼ਿਲ੍ਹੇ ਦੇ ਮੀਰਪੇਟ ਦਾ ਰਹਿਣ ਵਾਲਾ ਸੀ।
ਪ੍ਰਣੀਤ ਐਤਵਾਰ ਨੂੰ ਆਪਣੇ ਦੋਸਤਾਂ ਤੇ ਭਰਾ ਨਾਲ ਛੁੱਟੀਆਂ ਮਨਾਉਣ ਕੈਨੇਡਾ ਵਿੱਚ ਕਲੀਅਰ ਲੇਕ ਨੇੜੇ ਇੱਕ ਕੌਟੇਜ ਵਿੱਚ ਗਿਆ ਸੀ। ਪਿਤਾ ਏ ਰਵੀ ਦੇ ਅਨੁਸਾਰ, ਪ੍ਰਣੀਤ ਐਤਵਾਰ ਸਵੇਰੇ ਆਪਣੇ ਦੋਸਤਾਂ ਤੇ ਭਰਾ ਨਾਲ ਤੈਰਾਕੀ ਕਰਨ ਗਿਆ ਸੀ, ਪਰ ਝੀਲ ਦੇ ਕਿਨਾਰੇ ਵਾਪਸ ਨਹੀਂ ਆਇਆ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਬਚਾਅ ਟੀਮ ਨੂੰ ਝੀਲ ਤੱਕ ਪਹੁੰਚਣ 'ਚ 10 ਘੰਟੇ ਤੋਂ ਵੱਧ ਸਮਾਂ ਲੱਗ ਗਿਆ ਜਿਸ ਤੋਂ ਬਾਅਦ ਝੀਲ 'ਚ ਤਲਾਸ਼ੀ ਸ਼ੁਰੂ ਕੀਤੀ ਗਈ ਤੇ ਸ਼ਾਮ ਨੂੰ ਲਾਸ਼ ਬਰਾਮਦ ਕੀਤੀ ਗਈ।
ਸੋਗ ਵਿੱਚ ਬਦਲਿਆ ਖੁਸ਼ੀ ਦਾ ਦਿਨ
ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਨੀਤ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਜਨਮ ਦਿਨ ਸੋਗ ਦੇ ਦਿਨ ਵਿੱਚ ਬਦਲ ਗਿਆ ਹੈ। ਪਰਿਵਾਰ ਪ੍ਰਣੀਤ ਦੀ ਲਾਸ਼ ਨੂੰ ਹੈਦਰਾਬਾਦ ਵਾਪਸ ਲਿਆਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਮਦਦ ਦੀ ਮੰਗ ਕਰ ਰਿਹਾ ਹੈ। ਪ੍ਰਣੀਤ 2019 ਵਿੱਚ ਪੜ੍ਹਾਈ ਲਈ ਕੈਨੇਡਾ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਵੱਡਾ ਭਰਾ 2022 ਵਿੱਚ ਕੈਨੇਡਾ ਚਲਾ ਗਿਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :