ਫਿਦੇਲ ਕਾਸਤਰੋ ਕਿਵੇਂ ਬਣਿਆ ਆਮ ਤੋਂ ਖ਼ਾਸ
ਏਬੀਪੀ ਸਾਂਝਾ | 26 Nov 2016 03:52 PM (IST)
ਹਵਾਨਾ : ਕਿਊਬਾ ਦੇ ਕ੍ਰਾਂਤੀਕਾਰੀ ਆਗੂ ਅਤੇ ਸਾਬਕਾ ਰਾਸ਼ਟਰਪਤੀ ਫਿਦੇਲ ਕਾਸਤਰੋ ਦਾ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਕਿਊਬਾ ਨੂੰ ਆਧੁਨਿਕ ਰੂਪ ਦੇਣ ਵਿੱਚ ਫਿਦੇਲ ਕਾਸਤਰੋ ਦਾ ਵੱਡਾ ਯੋਗਦਾਨ ਰਿਹਾ ਹੈ। ਕਾਸਤਰੋ ਕਿਊਬਾ ਦਾ ਅਜਿਹਾ ਆਗੂ ਜਿਸ ਨੇ ਪੂਰੀ ਉਮਰ ਅਮਰੀਕਾ ਦੀ ਈਨ ਨਹੀਂ ਮੰਨੀ ਸਗੋਂ ਉਸ ਦੀ ਜੜ੍ਹ ਵਿੱਚ ਬੈਠ ਕੇ ਕਾਮਨਿਸਟ ਰਾਜ ਦੀ ਨੀਂਹ ਰੱਖੀ। ਇਸ ਕਰ ਕੇ ਅਮਰੀਕਾ ਦੀ ਖ਼ੁਫ਼ੀਆ ਏਜੰਸੀ ਸੀਆਈਏ ਨੇ ਕਈ ਵਾਰ ਕਾਸਤਰੋ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਕਾਸਤਰੋ ਦਾ ਦਾਅਵਾ ਸੀ ਕਿ ਉਸ ਨੂੰ 634 ਵਾਰ ਸੀਆਈਏ ਨੇ ਮਾਰਨ ਦੀ ਕੋਸ਼ਿਸ਼ ਕੀਤੀ। ਕਾਸਤਰੋ ਨੇ ਕਿਊਬਾ ਦੀ ਕ੍ਰਾਂਤੀ ਦੀ ਲੜਾਈ ਸਿਰਫ਼ 82 ਲੋਕਾਂ ਦੇ ਨਾਲ ਸ਼ੁਰੂ ਕੀਤੀ ਸੀ। ਕਾਸਤਰੋ ਦੀ ਧਾਰਨਾ ਸੀ ਕਿ ਕ੍ਰਾਂਤੀ ਲਈ ਲੋਕਾਂ ਦੀ ਨਹੀਂ ਸਗੋਂ ਯੋਜਨਾ ਦੀ ਜ਼ਰੂਰਤ ਹੁੰਦੀ ਹੈ। ਇਸ ਨੂੰ ਹੀ ਅੰਤ ਵਿੱਚ ਜਿੱਤ ਮਿਲਦੀ ਹੈ। ਕਾਸਤਰੋ ਦਾ ਭਾਸ਼ਣ ਸੁਣਨ ਲਈ ਲੋਕ ਘੰਟਿਆਂ ਬੱਧੀ ਬੈਠੇ ਰਹਿੰਦੇ। ਕਾਸਤਰੋ ਵੀ ਛੇ-ਛੇ ਘੰਟੇ ਭਾਸ਼ਣ ਦਿੰਦਾ। ਸਭ ਤੋਂ ਲੰਮਾ ਭਾਸ਼ਣ ਦੇਣ ਦਾ ਲਈ ਕਾਸਤਰੋ ਦਾ ਨਾਮ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਵੀ ਦਰਜ ਸੀ। ਕਾਸਤਰੋ ਨੇ 32 ਸਾਲ ਦੀ ਉਮਰ ਵਿੱਚ 1959 ਕਿਊਬਾ ਦੀ ਵਾਗਡੋਰ ਸੰਭਾਲੀ ਸੀ। ਕਾਸਤਰੋ ਇੰਨਾ ਹੁਸ਼ਿਆਰ ਸੀ ਕਿ ਉਸ ਦਾ ਅਮਰੀਕੀ ਖ਼ੁਫ਼ੀਆ ਏਜੰਸੀ ਸੀਆਈਏ ਵੀ ਵਾਲ ਵਿੰਗਾ ਨਹੀਂ ਕਰ ਸਕੀ ਸੀ। ਕਾਸਤਰੋ ਦਾ ਦਾਅਵਾ ਸੀ ਕਿ ਅਮਰੀਕੀ ਏਜੰਸੀ ਨੇ ਉਸ ਨੂੰ ਹਰ ਮਾਰਨ ਲਈ ਹਰ ਤਰੀਕਾ ਅਪਣਾਇਆ। ਪਰ ਕਾਸਤਰੋ ਅੱਗੇ ਅਮਰੀਕਾ ਦੀ ਹਰ ਚਾਲ ਬੁਰੀ ਤਰ੍ਹਾਂ ਫ਼ੇਲ੍ਹ ਹੋ ਗਈ। 2012 ਵਿੱਚ ਟਾਈਮਜ਼ ਮੈਗਜ਼ੀਨ ਨੇ ਕਾਸਤਰੋ ਨੂੰ ਦੁਨੀਆ ਦੇ 100 ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ।