ਇਸਲਾਮਾਬਾਦ : ਪਾਕਿਸਤਾਨ ਆਪਣੀਆਂ ਕੂਟਨੀਤਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਆਖਿਆ ਹੈ ਕਿ ਉਹ ਭਾਰਤ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ ਪਰ ਬਸ਼ਰਤੇ ਗੱਲਬਾਤ ਦੇ ਏਜੰਡੇ ਵਿੱਚ ਕਸ਼ਮੀਰ ਦਾ ਮੁੱਦਾ ਹੋਣਾ ਚਾਹੀਦਾ ਹੈ। ਅਖ਼ਬਾਰ 'ਦਾ ਨੇਸ਼ਨ' ਨੂੰ ਦਿੱਤੀ ਇੰਟਰਵਿਊ ਵਿੱਚ ਸਰਤਾਜ ਅਜ਼ੀਜ਼ ਨੇ ਕਸ਼ਮੀਰੀਆਂ ਦੇ ਆਜ਼ਾਦੀ ਅੰਦੋਲਨ ਦੀ ਵੀ ਹਿਮਾਇਤ ਕੀਤੀ। ਸਰਤਾਜ ਅਜ਼ੀਜ਼ ਨੇ ਭਾਰਤ ਸਬੰਧੀ ਆਪਣੀ ਸੁਰ ਸਖ਼ਤ ਕਰਦਿਆਂ ਆਖਿਆ ਕਿ ਉਹ ਕਿਸੇ ਵੀ ਰੂਪ ਵਿੱਚ ਧੌਂਸ ਸਵੀਕਾਰ ਨਹੀਂ ਕਰੇਗਾ। ਸਰਤਾਜ ਅਜ਼ੀਜ਼ ਅਨੁਸਾਰ ਉਹ ਭਾਰਤ ਨਾਲ ਹਰ ਮੁੱਦੇ ਉੱਤੇ ਗੱਲਬਾਤ ਕਰਨ ਲਈ ਤਿਆਰ ਹੈ ਪਰ ਗੱਲਬਾਤ ਦੇ ਏਜੰਡੇ ਵਿੱਚ ਕਸ਼ਮੀਰ ਵੀ ਹੋਣਾ ਚਾਹੀਦਾ ਹੈ। ਸਰਤਾਜ ਨੇ ਆਖਿਆ ਕਿ ਪਾਕਿਸਤਾਨ ਆਪਣੇ ਗੁਆਂਢੀ ਦੇਸ਼ਾਂ ਨਾਲ ਸ਼ਾਂਤੀਪੂਰਵਕ ਸਬੰਧ ਰੱਖਣਾ ਚਾਹੁੰਦਾ ਹੈ। ਦੂਜੇ ਪਾਸੇ ਪਾਕਿਸਤਾਨ ਦੀ ਨੈਸ਼ਨਲ ਅਸੰਬਲੀ ਵਿੱਚ ਦੋਹਾਂ ਦੇਸਾਂ ਵਿਚਾਲੇ ਸਰਹੱਦ ਉੱਤੇ ਚੱਲ ਰਹੇ ਤਣਾਅ ਉੱਤੇ ਵੀ ਚਰਚਾ ਹੋਈ। ਕੁੱਝ ਸਾਂਸਦਾਂ ਨੇ ਆਖਿਆ ਕਿ ਭਾਰਤ ਨੂੰ ਉਸ ਦੀ ਭਾਸ਼ਾ ਵਿੱਚ ਹੀ ਜਵਾਬ ਦੇਣਾ ਚਾਹੀਦਾ ਹੈ।ਯਾਦ ਰਹੇ ਕਿ ਅੰਮ੍ਰਿਤਸਰ ਵਿੱਚ ਹੋਣ ਵਾਲੀ ਹਾਰਟ ਆਫ ਏਸੀਆ ਸੰਮੇਲਨ ਵਿੱਚ ਹਿੱਸਾ ਲੈਣ ਲਈ ਸਰਤਾਜ ਅਜ਼ੀਜ਼ 3 ਦਸਬੰਰ ਨੂੰ ਭਾਰਤ ਪਹੁੰਚ ਰਹੇ ਹਨ।