ਨਵੀਂ ਦਿੱਲੀ: ਵੀਅਤਨਾਮ ਦੇ ਇਮਾਰਤੀ ਕੰਪਲੈਕਸ 'ਚ ਅੱਗ ਲੱਗਣ ਨਾਲ 13 ਲੋਕਾਂ ਦੀ ਮੌਤ ਹੋ ਗਈ ਤੇ 27 ਜ਼ਖ਼ਮੀ ਹੋ ਗਏ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਕੋਈ ਪਤਾ ਨਹੀਂ ਲੱਗਾ। ਅਧਿਕਾਰੀ ਇਸ ਦੀ ਤਫਤੀਸ਼ 'ਚ ਜੁੜੇ ਹੋਏ ਹਨ।
ਪੁਲਿਸ ਤੇ ਫਾਇਰ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਅੱਗ ਲੱਗਣ ਦੀ ਇਸ ਘਟਨਾ ਵਿੱਚ ਕੋਈ ਵਿਅਕਤੀ ਲਾਪਤਾ ਹੈ ਜਾਂ ਨਹੀਂ। ਇਸ ਗੱਲ ਦਾ ਖੁਲਾਸਾ ਪੂਰੀ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ
ਅਧਿਕਾਰੀਆਂ ਨੇ ਇਸ ਘਟਨਾ ਸਬੰਧੀ ਪੂਰੀ ਜਾਣਕਾਰੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਤੇ ਕਿਹਾ ਕਿ ਅਜੇ ਜਾਂਚ ਚੱਲ ਰਹੀ ਹੈ। ਜਾਂਚ ਪੂਰੀ ਹੋਣ ‘ਤੇ ਹੀ ਅੱਗੇ ਕੁਝ ਕਿਹਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਹ ਕੰਪਲੈਕਸ 6 ਸਾਲ ਪਹਿਲਾ ਬਣਿਆ ਸੀ। ਇਸ ਵਿੱਚ ਤਿੰਨ ਇਮਾਰਤਾਂ ਬਣੀਆਂ ਹੋਈਆਂ ਹਨ। ਇਸ ਵਿੱਚ ਤਕਰੀਬਨ 700 ਤੋਂ ਜ਼ਿਆਦਾ ਅਪਾਰਟਮੈਂਟ ਹਨ।
ਵੀਅਤਨਾਮ ਦੀ ਇੱਕ ਨਿਊਜ਼ ਏਜੰਸੀ ਦੀ ਖਬਰ ਅਨੁਸਾਰ ਅੱਗ ਵਿੱਚ ਸੜਨ ਦੀ ਵਜ੍ਹਾ ਨਾਲ ਇੰਨੀਆਂ ਮੌਤਾਂ ਨਹੀਂ ਹੋਈਆਂ ਜਿੰਨੀਆਂ ਮੌਤਾਂ ਲੋਕਾਂ ਦਾ ਸਾਹ ਘੁੱਟਣ ਤੇ ਉੱਚੀਆਂ ਮੰਜ਼ਲਾਂ ਤੋਂ ਛਾਲ ਮਾਰਨ ਦੀ ਵਜ੍ਹਾ ਨਾਲ ਹੋਈਆਂ ਹਨ। ਇਹ ਅੱਗ ਸਭ ਤੋਂ ਪਹਿਲਾਂ ਇਮਾਰਤੀ ਕੰਪਲੈਕਸ ਦੀ ਬੇਸਮੈਂਟ ਦੇ ਪਾਰਕਿੰਗ ਖੇਤਰ ਵਿੱਚ ਲੱਗੀ ਸੀ ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸੀ। ਇਸ ਤੋਂ ਬਾਅਦ ਇਹ ਅੱਗ ਇਮਾਰਤ ਦੇ ਦੂਜੇ ਹਿੱਸਿਆਂ ਵਿੱਚ ਫੈਲ ਗਈ।