ਵੈਨਕੂਵਰ: ਅੱਜ ਸਵੇਰੇ ਕੋਕਟਲਮ ਦੇ ਰੈਂਚ ਪਾਰਕ ਇਲਾਕੇ ਵਿੱਚ ਲੱਗੀ ਅੱਗ ਕਾਰਨ ਲੋਕਾਂ ਦੀ ਸਿਰਦਰਦੀ ਵਧ ਗਈ ਹੈ। ਅੱਗ ਕਾਰਨ ਲੋਕਾਂ ਨੂੰ ਘਰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇੱਕ ਇਮਾਰਤ ਵਿਚ ਲੱਗੀ ਅੱਗ ਕਾਰਨ ਅਜਿਹਾ ਕੀਤਾ ਗਿਆ। ਅੱਗ ਇੱਕ ਘਰ ਵਿੱਚ ਸਵੇਰੇ ਕਰੀਬ 11 ਵਜੇ ਲੱਗਣ ਦੀਆਂ ਖ਼ਬਰਾਂ ਹਨ। ਡਿਪਟੀ ਫਾਇਰ ਚੀਫ ਦਾ ਕਹਿਣਾ ਸੀ ਕਿ, ਜਦ ਤਕ ਅੱਗ ਬੁਝਾਊ ਦਸਤੇ ਪਹੁੰਚੇ ਤਾਂ ਅੱਗ ਕਾਫੀ ਫੈਲ ਚੁੱਕੀ ਸੀ। ਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।

ਹਾਲਾਂਕਿ, ਅੱਗ ਨੂੰ ਇਸੇ ਇਮਾਰਤ ਤਕ ਰੋਕ ਦਿੱਤਾ ਗਿਆ, ਤਾਂ ਇਸੇ ਕਰਕੇ ਹੋਰ ਇਮਾਰਤਾਂ ਦਾ ਬਚਾਅ ਰਿਹਾ, ਪਰ ਅੱਗ ਦੇ ਵੱਡਾ ਰੂਪ ਲੈ ਲੈਣ ਕਾਰਨ ਸ਼ੁਰੂਆਤੀ ਦੌਰ ਵਿਚ ਅੱਗ-ਬੁਝਾਊ ਦਸਤੇ ਇਮਾਰਤ ਅੰਦਰ ਦਾਖਿਲ ਨਹੀਂ ਹੋ ਸਕੇ। ਪਰ ਸਾਵਧਾਨੀ ਵਰਤਦੇ ਹੋਏ ਪੁਲਿਸ ਨੇ ਘਰੋ-ਘਰੀ ਜਾਕੇ ਲੋਕਾਂ ਨੂੰ ਘਰ ਖਾਲੀ ਕਰਨ ਲਈ ਆਖਿਆ। ਅੱਗ ਲੱਗਣ ਦੇ ਕਾਰਨਾਂ ਬਾਰੇ ਤਸਵੀਰ ਸਾਫ ਨਹੀਂ ਹੋ ਸਕੀ ਸੀ।

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਿਆ ਹੋਇਆ ਸੀ। ਅੱਗ ਬੁਝਾਊ ਦਸਤੇ ਲਗਾਤਾਰ ਕਈ ਥਾਈਂ ਲੱਗੀ ਵੱਡੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸਨ। ਓਕਾਨਾਗਨ ਇਲਾਕੇ ਵਿੱਚ ਕਰੀਬ 1,000 ਥਾਵਾਂ ਨੂੰ ਖਾਲੀ ਕਰਨ ਦੀ ਚਿਤਾਵਨੀ ਦੇ ਕੇ ਵਸੋਂ ਮੁਕਤ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਮਾਊਂਟ ਇਨੀਅਸ ਵਿੱਚ 13.7 ਸਕੁਏਅਰ ਕਿਲੋਮੀਟਰ ਖੇਤਰ ਵਿੱਚ ਫੈਲੀ ਅੱਗ ਨੇ ਕਾਫੀ ਮੁਸ਼ਕਲ ਵਿੱਚ ਪਾਈ ਰੱਖਿਆ ਸੀ।