ਚੰਡੀਗੜ੍ਹ: ਨਿਊਜਰਸੀ ਦੇ ਹੋਬੋਕਨ ਸ਼ਹਿਰ ਦੇ ਭਾਰਤੀ ਮੂਲ ਦੇ ਪਹਿਲੇ ਅਮਰੀਕੀ ਸਿੱਖ ਮੇਅਰ ਰਵਿੰਦਰ ਭੱਲਾ ਨੇ ਜਨਤਕ ਤੌਰ 'ਤੇ ਮੰਨਿਆ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਧਮਕੀਆਂ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।

ਰਵਿੰਦਰ ਭੱਲਾ ਨੇ ਧਮਕੀਆਂ ਬਾਰੇ ਵਿਸਥਾਰ ਨਾ ਦਿੰਦੇ ਹੋਏ ਕਿਹਾ ਕਿ ਸਾਨੂੰ ਸੁਰੱਖਿਆ ਪ੍ਰਬੰਧਾਂ ਬਾਰੇ ਹੋਰ ਗੰਭੀਰ ਹੋਣਾ ਪਵੇਗਾ। ਸ਼ਹਿਰ ਦੇ ਬੁਲਾਰੇ ਜੂਆਨ ਮਿਲੀ ਮੁਤਾਬਕ ਜਦੋਂ ਭੱਲਾ ਦਫ਼ਤਰ ਵਿੱਚ ਨਹੀਂ ਸੀ ਤਾਂ ਇੱਕ ਵਿਅਕਤੀ ਨੇ ਇੱਕ ਬੈਗ ਦਫ਼ਤਰ ਦੇ ਪ੍ਰਸ਼ਾਸਨਿਕ ਸਹਾਇਕ ਦੇ ਮੇਜ ਵੱਲ ਵਗਾਹ ਮਾਰਿਆ ਤੇ ਉੱਥੋਂ ਭੱਜ ਗਿਆ ਸੀ।

ਹੋਬੋਕਨ ਪੁਲਿਸ ਮੁਖੀ ਕੈਨੇਥ ਫੇਰਾਂਟੇ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਪ੍ਰਤੀ ਉਹ ਕਾਫੀ ਗੰਭੀਰ ਹਨ। ਉਨ੍ਹਾਂ ਕਿਹਾ ਕਿ ਉਹ ਮੇਅਰ ਤੇ ਸਿਟੀ ਹਾਲ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਦੀ ਸੁਰੱਖਿਆ ਲਈ ਬਹੁਤ ਗੰਭੀਰ ਹਨ।

ਰਵਿੰਦਰ ਭੱਲਾ ਨਿਊਜਰਸੀ ਵਿੱਚ ਦਫ਼ਤਰ ਸੰਭਾਲਣ ਵਾਲੇ ਪਹਿਲੇ ਸਿੱਖ ਬਣੇ ਹਨ। ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਉਨ੍ਹਾਂ ਵਿਰੁੱਧ ਅੱਤਵਾਦੀ ਹੋਣ ਦੇ ਪਰਚੇ ਵੀ ਵੰਡੇ ਗਏ ਸਨ।