ਨਿਊਜਰਸੀ: ਸੂਬੇ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ 'ਤੇ ਨਸਲੀ ਟਿੱਪਣੀ ਕਰਨ ਦੇ ਦੋਸ਼ 'ਚ ਨਿਊਜਰਸੀ ਦੇ ਪੰਜ ਪੁਲਿਸ ਕਰਮੀਆਂ ਨੂੰ ਅਸਤੀਫਾ ਦੇਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਪੰਜਾਂ ਪੁਲਿਸ ਕਰਮੀਆਂ ਦੀ ਗੱਲਬਾਤ ਰਿਕਾਰਡ ਹੋ ਗਈ ਸੀ ਜਿਸ ਦਾ ਖੁਲਾਸਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਜ਼ਾ ਮਿਲੀ।
ਸਥਾਨਕ ਮੀਡੀਆ ਮੁਤਾਬਕ ਵੀਰਵਾਰ ਆਡੀਓ ਰਿਕਾਰਡਿੰਗ ਬਾਰੇ ਜਾਣਕਾਰੀ ਦਿੱਤੀ ਗਈ ਸੀ ਜਿਸ 'ਚ ਨਿਊਜਰਸੀ ਦੇ ਪੁਲਿਸਕਰਮੀ ਮਾਇਕਲ ਸਾਊਦਿਨੋ ਆਪਣੇ ਅਧੀਨ ਕਰਮਚਾਰੀਆਂ ਨਾਲ ਗਵਰਨਰ ਫਿਲ ਮਰਫੀ ਦੇ ਭਾਸ਼ਣ 'ਤੇ ਚਰਚਾ ਕਰ ਰਹੇ ਸਨ। ਸਾਊਦਿਨੋ ਨੇ ਕਿਹਾ ਮਰਫੀ ਨੇ ਆਪਣੇ ਭਾਸ਼ਣ 'ਚ ਹਰ ਮੁੱਦੇ 'ਤੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਾਲੇ ਲੋਕ ਇੱਥੇ ਆਉਂਦੇ ਰਹਿਣਗੇ ਤੇ ਆਪਣੇ ਮਨ ਮੁਤਾਬਕ ਕੰਮ ਕਰਦੇ ਰਹਿਣਗੇ। ਸੌਦਿਨੋ ਮੁਤਾਬਕ ਮਰਫੀ ਚਾਹੁੰਦੇ ਸਨ ਕਿ ਕਾਲੇ ਲੋਕ ਜੋ ਚਾਹੇ ਕਰਨ, ਚਰਸ ਪੀਣ ਪਰ ਕੋਈ ਇਸ ਬਾਰੇ ਚਿੰਤਾ ਨਾ ਕਰੇ।
ਇਸ ਤੋਂ ਬਾਅਦ ਸਾਊਦਿਨੋ ਨੇ ਕਿਹਾ ਕਿ ਮਰਫੀ ਨੇ ਗੁਰਬੀਰ ਗਰੇਵਾਲ ਨੂੰ ਪਹਿਲਾ ਸਿੱਖ ਅਟਾਰਨੀ ਜਨਰਲ ਸਿਰਫ ਉਸ ਦੇ ਧਰਮ ਦੀ ਵਜ੍ਹਾ ਨਾਲ ਬਣਾਇਆ। ਗੁਰਬੀਰ ਨੇ ਬਰਗਰ ਕਾਊਂਟੀ ਦੀ ਕੋਈ ਮਦਦ ਨਹੀਂ ਕੀਤੀ ਕਿਉਂਕਿ ਉਹ ਪੱਗ ਬੰਨ੍ਹਦੇ ਹਨ। ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਸੌਦਿਨੋ ਨੇ ਮੁਆਫੀ ਮੰਗੀ। ਉਸਨੇ ਆਪਣੇ ਬਿਆਨ 'ਚ ਲਿਖਿਆ ਕਿ ਮੈਂ ਬਰਗਨ ਕਾਊਂਟੀ ਦੇ ਲੋਕਾਂ ਤੋਂ ਆਪਣੀ ਟਿੱਪਣੀ ਲਈ ਮੁਆਫੀ ਮੰਗਦਾ ਹਾਂ।
ਗਵਰਨਰ ਮਰਫੀ ਨੇ ਕਿਹਾ ਕਿ ਨਸਲੀ ਟਿੱਪਣੀ 'ਤੇ ਨਫਰਤ ਭਰੀ ਭਾਸ਼ਾ ਦੀ ਵਰਤੋਂ ਕਰਨ ਵਾਲਾ ਵਿਅਕਤੀ ਸਰਕਾਰੀ ਨੌਕਰੀ ਲਈ ਯੋਗ ਨਹੀਂ। ਫਿਰ ਭਾਵੇਂ ਉਹ ਕੋਈ ਵੀ ਹੋਵੇ। ਇਸ ਮਾਮਲੇ 'ਚ ਗੁਰਬੀਰ ਗਰੇਵਾਲ ਨੇ ਟਵੀਟ ਕੀਤਾ ਕਿ ਜੇਕਰ ਸੱਚਮੁੱਚ ਇਹ ਸਾਊਦਿਨੋ ਦੀ ਆਵਾਜ਼ ਹੈ ਤਾਂ ਉਸਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਗਵਰਨਰ ਦੇ ਭਾਸ਼ਣ 'ਤੇ ਕੀਤੀ ਇਹ ਟਿੱਪਣੀ ਉੱਚਿਤ ਨਹੀਂ।