ਲਾਹੌਰ: ਸਾਲ 2019 ਵਿਚ ਪਾਕਿਸਤਾਨ ਦੇ ਨਨਕਾਨਾ ਸਾਹਿਬ ਦੀ ਸਿੱਖ ਲੜਕੀ ਜਗਜੀਤ ਕੌਰ ਦੇ ਇਸਲਾਮ ਕਬੂਲ ਕਰਨ ਅਤੇ ਮੁਸਲਿਮ ਲੜਕੇ ਨਾਲ ਵਿਆਹ ਕਰਨ ਦੇ ਮਾਮਲੇ 'ਚ ਅਦਾਲਤ ਨੇ ਅੱਜ ਫੈਸਲਾ ਸੁਣਾਉਂਦੇ ਹੋਏ ਉਸਨੂੰ ਆਪਣੇ ਪਤੀ ਅਹਿਸਾਨ ਨਾਲ ਰਹਿਣ ਦੀ ਇਜਾਜਤ ਦੇ ਦਿਤੀ।
ਸਿੱਖ ਲੜਕੀ ਜਗਜੀਤ ਕੋਰ ਜਿਸ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਆਪਣਾ ਨਾਮ ਆਇਸ਼ਾ ਰੱਖ ਲਿਆ ਸੀ ਅਤੇ ਬਾਅਦ ਵਿੱਚ ਮੁਸਲਿਮ ਲੜਕੇ ਅਹਿਸਾਨ ਨਾਲ ਵਿਆਹ ਕਰਾ ਲਿਆ ਸੀ। ਜਗਜੀਤ ਕੌਰ ਦੇ ਭਰਾ ਮਨਮੋਹਨ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਭੈਣ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਜਬਰਨ ਇਸਲਾਮ ਕਬੂਲ ਕਰਵਾਇਆ ਗਿਆ ਹੈ। ਜਿਸ ਬਾਅਦ ਇਸ ਮਾਮਲੇ ਵਿਚ ਪਾਕਿਸਤਾਨ ਹੀ ਨਹੀਂ ਭਾਰਤ 'ਚ ਵੀ ਇਸ ਮਾਮਲੇ ਦਾ ਵਿਰੋਧ ਕੀਤਾ ਗਿਆ ਅਤੇ ਸਿੱਖ ਭਾਈਚਾਰੇ ਦੇ ਲੋਕਾ ਦੀ ਸੁਰੱਖਿਆ ਦਾ ਮੁੱਦਾ ਦੋਨਾ ਦੇਸ਼ਾਂ ਦੀਆਂ ਸਰਕਾਰ ਤੱਕ ਪਹੁੰਚਿਆ।
ਨਨਕਾਨਾ ਸਾਹਿਬ ਵਿਚ ਸਿੱਖ ਭਾਈਚਾਰੇ ਅਤੇ ਮੁਸਲਮਾਨ ਭਾਈਚਾਰੇ ਦੇ ਲੋਕਾ ਵਿੱਚ ਆਪਸੀ ਤਕਰਾਰ ਵੀ ਹੋਏ ਅਤੇ ਨਨਕਾਨਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਪ੍ਰਦਰਸ਼ਨ ਵੀ ਹੋਏ।ਜਿਸ ਤੋਂ ਬਾਅਦ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਵੀ ਇਸ ਮਾਮਲੇ ਵਿਚ ਦਖਲ ਦਿਤਾ। ਬਾਅਦ ਵਿੱਚ ਇਹ ਮਾਮਲਾ ਲਾਹੌਰ ਹਾਈਕੋਰਟ ਪਹੁੰਚਿਆ ।
ਅੱਜ ਲਾਹੋਰ ਹਾਈਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਆਇਸ਼ਾ (ਜਗਜੀਤ ਕੌਰ ) ਹੁਣ ਆਪਣੇ ਪਤੀ ਨਾਲ ਰਹੇਗੀ।ਅੱਜ ਅਦਾਲਤ ਵਿੱਚ ਆਇਸ਼ਾ ਦੀ ਉਮਰ ਸੰਬਧੀ ਦਸਤਾਵੇਜ ਵੀ ਪੇਸ਼ ਕੀਤੇ ਗਏ ਅਤੇ ਮੈਡੀਕਲ ਰਿਪੋਰਟ ਵੀ ਪੇਸ਼ ਕੀਤੀ ਗਈ। ਲਾਹੌਰ ਹਾਈਕੋਰਟ ਦੇ ਜਸਟਿਸ ਸ਼ੇਹਰਾਮ ਸਰਵਰ ਚੋਧਰੀ ਨੇ ਫੈਸਲਾ ਸੁਣਾਉਂਦੇ ਹੋਏ ਪੁਲਿਸ ਨੂੰ ਹੁਕਮ ਜਾਰੀ ਕੀਤੇ ਹਨ ਕਿ ਆਇਸ਼ਾ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਆਇਸ਼ਾ ਕਈ ਮਹੀਨੀਆਂ ਤੋਂ ਲਾਹੌਰ ਦੇ ਦਾਰੁਉਲਮਾਨ ਵਿੱਚ ਰਹਿ ਰਹੀ ਸੀ।ਆਇਸ਼ਾ ਨੇ ਅਦਾਲਤ ਵਿੱਚ ਕਿਹਾ ਸੀ ਕਿ ਉਹ 20 ਸਾਲ ਦੀ ਹੈ ਅਤੇ ਉਸਨੇ ਆਪਣੀ ਮਰਜੀ ਨਾਲ ਇਸਲਾਮ ਕਬੂਲ ਕੀਤਾ ਹੈ ਅਤੇ ਅਹਿਸਾਨ ਨਾਲ ਨਿਕਾਹ ਕਰਵਾਇਆ ਹੈ।