France Unrest: ਫਰਾਂਸ ਵਿਚ ਇੱਕ ਨੌਜਵਾਨ ਦੀ ਪੁਲਿਸ ਦੀ ਗੋਲੀ ਨਾਲ ਹੋਈ ਮੌਤ ਤੋਂ ਬਾਅਦ ਦੇਸ਼ ਭਰ ਵਿਚ ਹਿੰਸਾ ਭੜਕ ਗਈ ਹੈ ਅਤੇ ਗ੍ਰਿਫਤਾਰੀਆਂ ਦਾ ਦੌਰ ਜਾਰੀ ਹੈ। ਹੁਣ ਤੱਕ 600 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਦੋ ਦਿਨਾਂ ਵਿੱਚ ਦੂਜੀ ਸੰਕਟਕਾਲੀਨ ਬੈਠਕ ਲਈ ਆਪਣੀ ਕੈਬਨਿਟ ਸੱਦੀ ਹੈ, ਪਰ ਫਰਾਂਸ ਵਿੱਚ ਅੱਗ, ਲੁੱਟ ਅਤੇ ਤੋੜ-ਫੋੜ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ।
ਸ਼ੁੱਕਰਵਾਰ ਨੂੰ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਹਿੰਸਾ ਨੂੰ ਵਧਾਇਆ ਜਾ ਰਿਹਾ ਹੈ। Snapchat ਅਤੇ Tiktok ਵਰਗੇ ਪਲੇਟਫਾਰਮਾਂ ਤੋਂ ਸੰਵੇਦਨਸ਼ੀਲ ਸਮੱਗਰੀ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਜਾਣਗੇ। ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਹਿੰਸਾ ਨੂੰ ਆਨਲਾਈਨ ਅੰਜਾਮ ਦਿੱਤਾ ਜਾ ਰਿਹਾ ਹੈ।
ਰਾਸ਼ਟਰਪਤੀ ਮੈਕਰੋਨ ਦੀ ਮਾਪਿਆਂ ਨੂੰ ਅਪੀਲ
ਮੈਕਰੋਨ ਨੇ ਦੇਸ਼ ਦੇ ਲੋਕਾਂ ਨੂੰ ਦੰਗਿਆਂ ਨੂੰ ਰੋਕਣ ਲਈ ਆਪਣੇ ਬੱਚਿਆਂ ਨੂੰ ਘਰ ਵਿੱਚ ਰੱਖਣ ਦੀ ਵੀ ਅਪੀਲ ਕੀਤੀ ਅਤੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚੋਂ ਬਹੁਤ ਸਾਰੇ ਨੌਜਵਾਨ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਘਰ ਵਿੱਚ ਰੱਖਣਾ ਮਾਪਿਆਂ ਦੀ ਜ਼ਿੰਮੇਵਾਰੀ ਹੈ, ਅਜਿਹੇ ਵਿੱਚ ਹਰ ਪਰਿਵਾਰ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ।
ਦਰਅਸਲ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਇਕ 17 ਸਾਲਾ ਨਾਬਾਲਗ ਨੂੰ ਗੋਲੀ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਘਟਨਾ ਨੂੰ ਲੈ ਕੇ ਦੇਸ਼ ਭਰ 'ਚ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਵਧਦੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਫਰਾਂਸ ਦੇ ਕਈ ਸ਼ਹਿਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Small Saving Scheme : ਸਰਕਾਰ ਨੇ ਦਿੱਤੀ ਖੁਸ਼ਖਬਰੀ, ਛੋਟੀਆਂ ਬੱਚਤ ਯੋਜਨਾਵਾਂ 'ਤੇ 0.30 ਫੀਸਦੀ ਤੱਕ ਵਧਾਇਆ ਵਿਆਜ
ਵਿਵਸਥਾ ਬਹਾਲ ਕਰਨ ਦੀ ਕੋਸ਼ਿਸ਼
ਵਧਦੇ ਹੰਗਾਮੇ ਦੇ ਮੱਦੇਨਜ਼ਰ ਫਰਾਂਸ ਦੀ ਪ੍ਰਧਾਨ ਮੰਤਰੀ ਐਲਿਜ਼ਾਬੇਥ ਬੋਰਨ ਨੇ ਕਿਹਾ ਕਿ ਸਰਕਾਰ ਵਿਵਸਥਾ ਬਹਾਲ ਕਰਨ ਲਈ ਸਾਰੇ ਵਿਕਲਪਾਂ ਦੀ ਜਾਂਚ ਕਰ ਰਹੀ ਹੈ। ਪੈਰਿਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪਹਿਲ ਰਾਸ਼ਟਰੀ ਏਕਤਾ ਨੂੰ ਯਕੀਨੀ ਬਣਾਉਣਾ ਹੈ ਅਤੇ ਅਜਿਹਾ ਕਰਨ ਦਾ ਤਰੀਕਾ ਵਿਵਸਥਾ ਨੂੰ ਬਹਾਲ ਕਰਨਾ ਹੈ।
ਹਿੰਸਾ ਰੋਕਣ ਸਰਕਾਰ ਦੇ ਲਈ ਚੁਣੌਤੀ
ਵਿਰੋਧ ਪ੍ਰਦਰਸ਼ਨਾਂ ਦੀ ਤੀਜੀ ਰਾਤ ਨੂੰ ਵੱਡੇ ਪੱਧਰ 'ਤੇ ਹਿੰਸਕ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀਆਂ ਨੇ ਕਈ ਕਾਰਾਂ ਨੂੰ ਅੱਗ ਲਗਾ ਦਿੱਤੀ। ਦੁਕਾਨਾਂ ਦੀ ਜ਼ੋਰਦਾਰ ਭੰਨਤੋੜ ਕੀਤੀ ਗਈ। ਇਸ ਦੌਰਾਨ ਸੈਂਕੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੇ ਨਾਲ ਹੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਅਗਵਾਈ ਵਾਲੀ ਫਰਾਂਸ ਦੀ ਸਰਕਾਰ ਹਿੰਸਕ ਘਟਨਾਵਾਂ 'ਤੇ ਜਲਦ ਤੋਂ ਜਲਦ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
200 ਪੁਲਿਸ ਮੁਲਾਜ਼ਮ ਹੋ ਚੁੱਕੇ ਜ਼ਖ਼ਮੀ
ਰਾਇਟਰਸ ਦੀ ਰਿਪੋਰਟ ਮੁਤਾਬਕ ਇਸ ਘਟਨਾ ਵਿੱਚ ਹੁਣ ਤੱਕ 200 ਤੋਂ ਵੱਧ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਚੁੱਕੇ ਹਨ। ਇਸ ਦੇ ਨਾਲ ਹੀ 600 ਤੋਂ ਵੱਧ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੇਸ਼ ਦੇ ਗ੍ਰਹਿ ਮੰਤਰੀ ਨੇ ਦੱਸਿਆ ਕਿ ਪ੍ਰਦਰਸ਼ਨਾਂ 'ਤੇ ਕਾਬੂ ਪਾਉਣ ਲਈ ਲਗਭਗ 40,000 ਪੁਲਿਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ, ਜੋ ਕਿ ਨਾਕਾਫ਼ੀ ਹੋ ਰਹੇ ਹਨ।