California : ਸੋਨਾ, ਚਾਂਦੀ, ਹੀਰੇ, ਜਵਾਹਰਾਤ ਅਤੇ ਨਕਦੀ ਦੀ ਲੁੱਟ ਬਾਰੇ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਅਤੇ ਸ਼ਾਇਦ ਅਜਿਹੀਆਂ ਘਟਨਾਵਾਂ ਨੂੰ ਆਪਣੀਆਂ ਅੱਖਾਂ ਨਾਲ ਵਾਪਰਦੇ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਕਿਸੇ ਚੋਰ ਨੂੰ ਬੰਦੂਕ ਦੀ ਨੋਕ 'ਤੇ ਜੁੱਤੇ ਲੁੱਟਦੇ ਦੇਖਿਆ ਹੈ? ਬੇਸ਼ੱਕ ਤੁਸੀਂ ਇਹ ਨਹੀਂ ਦੇਖਿਆ ਹੋਵੇਗਾ, ਕਿਉਂਕਿ ਜ਼ਿਆਦਾਤਰ ਚੋਰਾਂ ਨੂੰ ਕੀਮਤੀ ਚੀਜ਼ਾਂ ਲੁੱਟਣ ਦਾ ਲਾਲਚ ਹੁੰਦਾ ਹੈ। ਜਦੋਂ ਕਿ ਇੱਕ ਆਮ ਆਦਮੀ ਦੁਆਰਾ ਪਹਿਨੇ ਜਾਣ ਵਾਲੇ ਜੁੱਤੇ ਦੀ ਕੀਮਤ ਸੋਨੇ ਅਤੇ ਹੀਰੇ ਦੇ ਗਹਿਣਿਆਂ ਜਿੰਨੀ ਨਹੀਂ ਹੈ। ਹਾਲਾਂਕਿ ਕੈਲੀਫੋਰਨੀਆ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਥਿਤ ਇੱਕ ਮਾਲ ਵਿੱਚ ਦੋ ਮੁਲਜ਼ਮਾਂ ਨੇ ਬੰਦੂਕ ਦੀ ਨੋਕ ’ਤੇ ਚਾਰ ਨਾਬਾਲਗਾਂ ਤੋਂ ਜੁੱਤੇ ਖੋਹ ਲਏ।

ਦਰਅਸਲ ਇਹ ਘਟਨਾ 26 ਜੂਨ ਦੀ ਹੈ। ਦੋਵਾਂ ਮੁਲਜ਼ਮਾਂ ਨੇ ਇਰਵਿਨ ਸਪੈਕਟ੍ਰਮ ਸੈਂਟਰ ਵਿੱਚ ਬਾਥਰੂਮ ਗਏ ਚਾਰ ਲੜਕਿਆਂ ਦਾ ਪਿੱਛਾ ਕੀਤਾ। ਮਾਲ ਦੇਖਣ ਆਏ ਚਾਰੇ ਲੜਕੇ ਨਾਬਾਲਗ ਸਨ। ਬੰਦੂਕ ਦਾ ਇਸ਼ਾਰਾ ਕਰਕੇ ਦੋਵਾਂ ਮੁਲਜ਼ਮਾਂ ਨੇ ਲੜਕਿਆਂ ਤੋਂ ਜੁੱਤੇ ਖੋਹ ਲਏ ਅਤੇ ਫਿਰ ਫ਼ਰਾਰ ਹੋ ਗਏ। ਇਸ ਘਟਨਾ ਦੌਰਾਨ ਇਕ ਨਾਬਾਲਗ ਪਹਿਲਾਂ ਹੀ ਫਰਾਰ ਹੋ ਗਿਆ ਸੀ। ਇਸ ਲਈ ਉਸਨੂੰ ਲੁੱਟ ਦਾ ਸਾਹਮਣਾ ਨਹੀਂ ਕਰਨਾ ਪਿਆ। ਲੁਟੇਰੇ ਨਾਬਾਲਗ ਕੋਲੋਂ 3 ਜੋੜੇ ਜੁੱਤੇ ਅਤੇ ਇੱਕ ਬੇਸਬਾਲ ਕੈਪ ਖੋਹ ਕੇ ਲੈ ਗਏ।

 

ਪੁਲਿਸ ਨੇ ਲੋਕਾਂ ਤੋਂ ਮਦਦ ਦੀ ਕੀਤੀ ਮੰਗ


ਇਰਵਿਨ ਪੁਲਿਸ ਸ਼ੱਕੀਆਂ ਦੀ ਪਛਾਣ ਕਰਨ ਲਈ ਲੋਕਾਂ ਦੀ ਮਦਦ ਮੰਗ ਰਹੀ ਹੈ। ਇਹ ਘਟਨਾ ਰਾਤ 9.30 ਵਜੇ ਵਾਪਰੀ। ਦੋਵਾਂ ਲੁਟੇਰਿਆਂ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਸ ਨੇ ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਦੋ ਲੁਟੇਰੇ ਲੁੱਟ ਤੋਂ ਬਾਅਦ ਭੱਜਦੇ ਨਜ਼ਰ ਆ ਰਹੇ ਹਨ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਭ ਤੋਂ ਪਹਿਲਾਂ ਇੱਕ ਦੋਸ਼ੀ ਜੁੱਤੇ ਅਤੇ ਬੇਸਬਾਲ ਕੈਪ ਲੈ ਕੇ ਭੱਜਦਾ ਹੈ। ਜਦਕਿ ਇਸ ਤੋਂ ਤੁਰੰਤ ਬਾਅਦ ਦੂਜਾ ਦੋਸ਼ੀ ਦੋ ਜੋੜੇ ਜੁੱਤੇ ਲੈ ਕੇ ਫਰਾਰ ਹੋ ਗਿਆ। ਪੁਲਿਸ ਨੇ ਮਾਲ ਦੇ ਪਾਰਕਿੰਗ ਏਰੀਆ ਦੀ ਵੀਡੀਓ ਫੁਟੇਜ ਵੀ ਜਾਰੀ ਕੀਤੀ ਹੈ। ਇਸ 'ਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਦੋਸ਼ੀ ਜੁੱਤੇ ਅਤੇ ਬੇਸਬਾਲ ਕੈਪਸ ਪਾ ਕੇ ਆਪਣੀ ਕਾਰ ਵੱਲ ਜਾ ਰਹੇ ਹਨ।