ਚੰਡੀਗੜ੍ਹ: ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁੱਖ ਸਾਜਸ਼ਘਾੜੇ ਰਮਨਜੀਤ ਸਿੰਘ ਉਰਫ ਰੋਮੀ ਨੂੰ ਹਾਂਗ ਕਾਂਗ ਤੋਂ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਪੁਲਿਸ ਦੇ ਵਧੀਕ ਇੰਸਪੈਕਟਰ ਜਨਰਲ ਗੁਰਮੀਤ ਚੌਹਾਨ ਨੇ ਦੱਸਿਆ ਕਿ ਰੋਮੀ ਨੂੰ ਹਾਂਗ ਕਾਂਗ ਵਿੱਚ ਡਕੈਤੀ ਦੇ ਮਾਮਲੇ ਹੇਠ ਗ੍ਰਿਫਤਾਰ ਕਰਨ ਮਗਰੋਂ ਪੰਜਾਬ ਪੁਲਿਸ ਨੂੰ ਸੂਚਨਾ ਦਿੱਤੀ ਗਈ। ਚੌਹਾਨ ਨੇ ਕਿਹਾ ਕਿ ਪੰਜਾਬ ਪੁਲਿਸ ਜਲਦ ਹੀ ਉਸ ਦੀ ਸੁਪਰਦਗੀ ਲਈ ਅਪੀਲ ਕਰੇਗੀ।


ਇਸ ਤੋਂ ਪਹਿਲਾਂ ਰਮਨਜੀਤ ਸਿੰਘ ਨੂੰ ਜੂਨ 2016 ਵਿੱਚ ਉਸ ਦੇ ਪੰਜ ਸਾਥੀਆਂ ਨੂੰ ਦੋ ਚੋਰੀ ਦੀਆਂ ਗੱਡੀਆਂ ਸਮੇਤ ਕਾਬੂ ਕੀਤਾ ਗਿਆ ਸੀ। ਉਸ ਸਮੇਂ ਉਨ੍ਹਾਂ ਕੋਲੋਂ ਪਿਸਤੌਲ ਤੇ ਗੋਲ਼ੀਆਂ ਤੋਂ ਇਲਾਵਾ ਕੁਝ ਨਕਲੀ ਕ੍ਰੈਡਿਟ ਕਾਰਡ ਵੀ ਬਰਾਮਦ ਹੋਏ ਸਨ। ਉਸ ਸਮੇਂ ਰੋਮੀ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਗਿਆ ਸੀ। ਉਸ ਨੂੰ ਨਾਭਾ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਵਿੱਚ ਰੱਖਿਆ ਗਿਆ ਸੀ, ਜਿੱਥੇ ਗੈਂਸਟਰ ਵਿੱਕੀ ਗੌਂਡਰ ਵੀ ਕੈਦ ਸੀ।

ਰੋਮੀ ਨੂੰ ਅਗਸਤ 2016 ਵਿੱਚ ਜ਼ਮਾਨਤ ਮਿਲ ਗਈ ਸੀ ਤੇ ਉਸ ਨੇ ਸੀਨੀਅਰ ਪੁਲਿਸ ਅਫਸਰ ਦੀ 'ਮਿਹਰਬਾਨੀ' ਸਦਕਾ ਆਪਣਾ ਪਾਸਪੋਰਟ ਹਾਸਲ ਕਰ ਹਾਂਗ ਕਾਂਗ ਉਡਾਰੀ ਮਾਰ ਗਿਆ ਸੀ। ਨਵੰਬਰ 2016 ਵਿੱਚ ਨਾਭਾ ਜੇਲ੍ਹ ਤੋੜ ਵਿੱਕੀ ਗੌਂਡਰ ਸਮੇਤ ਕੁੱਲ ਪੰਜ ਕੈਦੀ ਫਰਾਰ ਹੋ ਗਏ ਸਨ। ਇਸ ਤੋਂ ਬਾਅਦ ਪੁਲਿਸ ਰੋਮੀ ਦੀ ਤਲਾਸ਼ ਕਰ ਰਹੀ ਹੈ, ਜਦਕਿ ਗੌਂਡਰ ਨੂੰ ਪੁਲਿਸ ਨੇ 26 ਜਨਵਰੀ ਨੂੰ ਰਾਜਥਾਨ ਵਿੱਚ ਮੁਕਾਬਲੇ ਦੌਰਾਨ ਮਾਰ ਮੁਕਾਇਆ ਸੀ।