ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਉਹ ਪੀਜ਼ਾ ਡਿਲੀਵਰੀ ਬੌਏ ਬਣੇ ਨਜ਼ਰ ਆ ਰਹੇ ਹਨ। ਸ਼ੁੱਕਰਵਾਰ ਨੂੰ ਸ਼ੇਅਰ ਕੀਤੀ ਇਸ ਤਸਵੀਰ ਵਿੱਚ ਉਨ੍ਹਾਂ ਲਿਖਿਆ ਕਿ ਲੌਰਾ ਬੁਸ਼ ਤੇ ਉਹ ਸੀਕ੍ਰੇਟ ਸਰਵਿਸ ਸਮੇਤ ਹਜ਼ਾਰਾਂ ਸੰਘੀ ਮੁਲਾਜ਼ਮਾਂ ਦੇ ਰਿਣੀ ਹਨ। ਉਨ੍ਹਾਂ ਨੇ ਮੁਲਾਜ਼ਮਾਂ ਦਾ ਸਮਰਥਨ ਕਰਨ ਵਾਲਿਆਂ ਦਾ ਧੰਨਵਾਦ ਕੀਤਾ।
ਦਰਅਸਲ ਅਮਰੀਕੀ ਸਰਕਾਰ ਪਿਲੇ 26 ਦਿਨਾਂ ਤੋਂ ਹੜਤਾਲ ’ਤੇ ਹੈ। ਦੇਸ਼ ਦੇ ਇਤਿਹਾਸ ਵਿੱਚ ਇਹ ਸਭ ਤੋਂ ਲੰਮੀ ਹੜਤਾਲ ਹੈ। ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਬਜਟ ’ਤੇ ਦਖ਼ਲ ਨਾ ਦਿੱਤੇ ਜਾਣ ਦੀ ਵਜ੍ਹਾ ਕਰਕੇ 8 ਲੱਖ ਤੋਂ ਜ਼ਿਆਦਾ ਮੁਲਾਜ਼ਮ ਬਗੈਰ ਤਨਖ਼ਾਹ ਦੇ ਛੁੱਟੀ ’ਤੇ ਹਨ। ਉੱਧਰੋਂ ਰਾਸ਼ਟਰਪਤੀ ਟਰੰਪ ਮੈਕਸੀਕੋ ਸਰਹੱਦ ’ਤੇ ਕੰਧ ਬਣਾਉਣ ਲਈ ਸੰਸਦ ਤੋਂ ਫੰਡ ਮੰਗ ਰਹੇ ਹਨ। ਹਾਲਾਂਕਿ ਵਿਰੋਧ ਪਾਰਟੀਆਂ ਦੇ ਵਿਰੋਧ ਬਾਅਦ ਹਾਲੇ ਤਕ ਇਹ ਮੰਗ ਪੂਰੀ ਨਹੀਂ ਕੀਤੀ ਗਈ।
ਇਸੇ ਦੌਰਾਨ ਮੁਲਾਜ਼ਮਾਂ ਦੀ ਹੜਤਾਲ ਦੇ ਬਾਅਦ ਸਾਬਕਾ ਰਾਸ਼ਟਰਪਤੀ ਬੁਸ਼ ਨੇ ਉਨ੍ਹਾਂ ਦੇ ਖਾਣੇ ਦਾ ਪ੍ਰਬੰਧ ਕੀਤਾ। ਉਨ੍ਹਾਂ ਮੁਲਾਜ਼ਮਾਂ ਦੀ ਹੜਤਾਲ ਖ਼ਤਮ ਕਰਨ ਲਈ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਪੱਖਾਂ ਦੇ ਲੀਡਰਾਂ ਨੂੰ ਸਿਆਸਤ ਛੱਡ ਕੇ ਇੱਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੀਕ੍ਰੇਟ ਸਰਵਿਸ ਏਜੰਟ ਲਈ ਪੀਜ਼ਾ ਖਰੀਦਣਾ ਛੋਟਾ ਕਦਮ ਹੈ। ਅਸੀਂ ਉਨ੍ਹਾਂ ਦੇ ਨਾਲ ਖੜੇ ਹਾਂ। ਹਾਲਾਂਕਿ ਉਨ੍ਹਾਂ ਨੇ ਕਿੰਨੇ ਪੀਜ਼ੇ ਖਰੀਦੇ, ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ।