ਨਵੀਂ ਦਿੱਲੀ: ਸਮਾਰਟਫ਼ੋਨਾਂ ਨੇ ਇਨਸਾਨਾਂ ਦੇ ਵਤੀਰੇ ਵਿੱਚ ਇੰਨੀ ਤਬਦੀਲੀ ਲਿਆਂਦੀ ਹੈ ਕਿ ਇਸ ਕਰਕੇ ਹੁਣ ਜੁਰਮ ਵੀ ਹੋਣ ਲੱਗੇ ਹਨ। ਤਾਜ਼ਾ ਘਟਨਾ ਇੰਡੋਨੇਸ਼ੀਆ ਦੀ ਹੈ ਜਿੱਥੇ ਪਤਨੀ ਨੇ ਆਪਣੇ ਪਤੀ ਨੂੰ ਇਸ ਲਈ ਅੱਗ ਦੇ ਹਵਾਲੇ ਕਰ ਦਿੱਤਾ, ਕਿਉਂਕਿ ਉਸ ਨੇ ਆਪਣੇ ਫ਼ੋਨ ਦਾ ਪਾਸਕੋਡ ਨਹੀਂ ਸੀ ਦੱਸਿਆ। ਕਾਫੀ ਹੱਦ ਤਕ ਝੁਲਸ ਜਾਣ ਕਾਰਨ 26 ਸਾਲਾ ਨੌਜਵਾਨ ਦੀ ਮੌਤ ਹੋ ਗਈ।


ਮਾਮਲਾ ਇੰਡੋਨੇਸ਼ੀਆ ਦੇ ਪੱਛਮੀ ਨੂਸਾ ਤੇਂਗਰਾ ਸੂਬੇ ਦਾ ਹੈ। ਇੱਥੇ ਚਾਹਿਆਨੀ ਨਾਂਅ ਦੀ ਔਰਤ ਨੇ ਆਪਣੇ ਪਤੀ ਪੁਰਨਾਮਾ ਤੋਂ ਉਸ ਦੇ ਫ਼ੋਨ ਦਾ ਕੋਡ ਪੁੱਛਿਆ ਤਾਂ ਉਸ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਚਿੜ੍ਹੀ ਪਤਨੀ ਨੇ ਪਹਿਲਾਂ ਤਾਂ ਪਤੀ ਨਾਲ ਬਹਿਸ ਕੀਤੀ ਤੇ ਫਿਰ ਪੈਟਰੋਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ।

ਅੱਗ ਕਾਰਨ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਿਆ ਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪਰ ਉੱਥੇ ਦੋ ਦਿਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਚਾਹਿਆਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।