ਵੈਨਕੂਵਰ: ਕੈਨੇਡਾ ਦੇ ਬਰਨਬੀ ਸਾਊਥ ਦੀ ਉਪ-ਚੋਣ ਇੱਕ ਵਾਰ ਫੇਰ ਚਰਚਾ ਵਿੱਚ ਆ ਗਈ ਹੈ। ਚਰਚਾ ਦਾ ਵਿਸ਼ਾ ਲਿਬਰਲ ਪਾਰਟੀ ਦੀ ਨੁਮਾਇੰਦਗੀ ਪੇਸ਼ ਕਰਨ ਵਾਲੀ ਕੈਰਨ ਵਾਂਗ ਹੈ। ਲਿਬਰਲ ਉਮੀਦਵਾਰ ਨੇ ਬੁੱਧਵਾਰ ਨੂੰ ਅਸਤੀਫਾ ਪੇਸ਼ ਕੀਤਾ ਸੀ। ਨਸਲੀ ਟਿੱਪਣੀਆਂ ਨਾਲ ਸਬੰਧਤ ਮਾਮਲੇ ਦੇ ਚੱਲਦਿਆਂ ਅਸਤੀਫਾ ਦੇਣ ਵਾਲੀ ਲਿਬਰਲ ਪਾਰਟੀ ਦੀ ਸਾਬਕਾ ਉਮੀਦਵਾਰ ਕੈਰਨ ਵਾਂਗ ਨੇ ਕਿਹਾ ਕਿ ਹੁਣ ਉਹ ਅਸਤੀਫਾ ਵਾਪਿਸ ਲੈਣਾ ਚਾਹੁੰਦੀ ਹੈ। ਕੈਰਨ ਵਾਂਗ ਇੱਕ ਵਾਰ ਫੇਰ ਚੋਣਾਂ ਦੀ ਦੌੜ ਵਿੱਚ ਸ਼ਾਮਿਲ ਹੋਣਾ ਚਾਹੁੰਦੀ ਸੀ। ਉਸ ਨੇ ਕਿਹਾ ਕਿ ਉਹ ਨਸਲੀ ਟਿੱਪਣੀਆਂ ਕਰਨ ਵਾਲੀ ਨਹੀਂ ਹੈ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇੱਕ ਹੋਰ ਮੌਕਾ ਮੰਗਣਾ ਚਾਹੁੰਦੀ ਹੈ ਪਰ ਕੈਰਨ ਦੀ ਇਸ ਅਪੀਲ ਨੂੰ ਲਿਬਰਲ ਪਾਰਟੀ ਨੇ ਖਾਰਜ ਕਰ ਦਿੱਤਾ। ਵੀਰਵਾਰ ਸਵੇਰੇ ਕੈਰਨ ਵਾਂਗ ਦੇ ਅਸਤੀਫਾ ਵਾਪਿਸ ਮੰਗਣ ਨੂੰ ਲੈ ਕੇ ਖਬਰਾਂ ਉਜਾਗਰ ਹੋਣ ਤੋਂ ਕੁਝ ਹੀ ਸਮੇਂ ਬਾਅਦ ਲਿਬਰਲ ਪਾਰਟੀ ਨੇ ਕੈਰਨ ਵਾਂਗ ਦੇ ਖਿਲਾਫ ਫੈਸਲਾ ਲਿਆ। ਇਸ ਤੋਂ ਪਹਿਲਾਂ ਬਰਨਬੀ ਸਾਊਥ ਤੋਂ ਲਿਬਰਲ ਪਾਰਟੀ ਲਈ ਉਪ-ਚੋਣ ਲੜਨ ਲਈ ਨੁਮਾਇੰਦਗੀ ਪੇਸ਼ ਕਰਨ ਜਾ ਰਹੀ ਕੈਰਨ ਵਾਂਗ ਨੇ ਬੁੱਧਵਾਰ ਨੂੰ ਅਸਤੀਫਾ ਦੇ ਦਿੱਤਾ ਸੀ। ਕੈਰਨ ਵਾਂਗ ਨੇ 'ਵੀ ਚੈਟ' ਨਾਮ ਦੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵਿਵਾਦਿਤ ਟਿੱਪਣੀ ਕੀਤੀ ਸੀ। ਉਨ੍ਹਾਂ ਕਥਿਤ ਤੌਰ ਤੇ ਆਪਣੇ ਸਮਰਥਕਾਂ ਨੂੰ ਆਖਿਆ ਸੀ ਕਿ ਉਹ ਉਸ ਨੂੰ ਵੋਟ ਕਰਨ ਕਿਉਂਕਿ ਓਹ ਚੋਣਾਂ ਵਿਚ ਖੜੀ ਇਕਲੌਤੀ ਚੀਨੀ ਕੈਂਡੀਡੇਟ ਹੈ। ਇਸ ਪੋਸਟ ਵਿੱਚ ਉਨ੍ਹਾਂ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਭਾਰਤੀ ਮੂਲ ਦਾ ਦੱਸਿਆ ਸੀ।