ਬਰਲਿਨ (ਜਰਮਨੀ): ‘ਐਸਟ੍ਰਾਜੈਨੇਕਾ’ ਨਾਂਅ ਦੀ ਕੋਵਿਡ-19 ਵੈਕਸੀਨ ਲਵਾਉਣ ਤੋਂ ਬਾਅਦ ਕੁਝ ਵਿਅਕਤੀਆਂ ’ਚ ਖ਼ੂਨ ਜੰਮਣ ਦੇ ਗੰਭੀਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜਰਮਨੀ, ਫ਼ਰਾਂਸ, ਇਟਲੀ ਤੇ ਸਪੇਨ ਨੇ ਕੱਲ੍ਹ ਸੋਮਵਾਰ ਨੂੰ ਇਸ ਦੀ ਵਰਤੋਂ ਉੱਤੇ ਰੋਕ ਲਾ ਦਿੱਤੀ ਹੈ। ਉਂਝ ਭਾਵੇਂ ਕੰਪਨਾ ਤੇ ਯੂਰਪੀਅਨ ਰੈਗੂਲੇਟਰਜ਼ ਦਾ ਕਹਿਣਾ ਹੈ ਕਿ ਅਜਿਹਾ ਕੋਈ ਸਬੂਤ ਨਹੀਂ, ਜੋ ਇਹ ਦੱਸਦਾ ਹੋਵੇ ਕਿ ਅਜਿਹੀਆਂ ਘਟਨਾਵਾਂ ਇਸ ਟੀਕੇ ਕਾਰਨ ਵਾਪਰੀਆਂ ਹਨ।


ਯੂਰਪੀਅਨ ਯੂਨੀਅਨ ਦੀ ਡਰੱਗ ਕੰਟਰੋਲ ਏਜੰਸੀ ਨੇ ‘ਐਸਟ੍ਰਾਜੈਨੇਕਾ’ ਬਾਰੇ ਮਾਹਿਰਾਂ ਦੇ ਨਤੀਜਿਆਂ ਦੀ ਸਮੀਖਿਆ ਲਈ ਵੀਰਵਾਰ ਨੂੰ ਮੀਟਿੰਗ ਸੱਦੀ ਹੈ। ‘ਐਸਟ੍ਰਾਜੈਨੇਕਾ’ ਵੱਲੋਂ ਕਿਹਾ ਗਿਆ ਹੈ ਕਿ ਯੂਰਪੀਅਨ ਯੂਨੀਅਨ ਤੇ ਇਗਲੈਂਡ ’ਚ ਲਗਪਗ 1.7 ਕਰੋੜ ਲੋਕਾਂ ਨੂੰ ਇਹ ਟੀਕਾ ਲਾਇਆ ਗਿਆ ਹੈ ਤੇ ਇਸ ਦੌਰਾਨ ਖ਼ੂਨ ਜੰਮਣ ਦੇ 37 ਮਾਮਲੇ ਸਾਹਮਣੇ ਆਏ ਹਨ।


ਵਿਸ਼ਵ ਸਿਹਤ ਸੰਗਠਨ’ (WHO) ਅਤੇ ਯੂਰੋਪੀਅਨ ਯੂਨੀਅਨ (EU) ਦੀ ਯੂਰਪੀਅਨ ਮੈਡੀਸਨਜ਼ ਏਜੰਸੀ ਨੇ ਵੀ ਕਿਹਾ ਹੈ ਕਿ ਇਹ ਅੰਕੜੇ ਇਹ ਨਹੀਂ ਦੱਸਦੇ ਕਿ ਖ਼ੂਨ ਦੇ ਗੁੱਥੇ ਜੰਮਣ ਤੇ ਟੀਕਾ ਲੱਗਣ ਵਿਚਾਲੇ ਕੋਈ ਸਬੰਧ ਹੈ। ਫ਼ਰਾਂਸ ਦੇ ਰਾਸ਼ਟਰਪਤੀ ਇਮਾਨੂਏਲ ਮੈਕ੍ਰੋਂ ਨੇ ਕਿਹਾ ਹੈ ਕਿ ਫ਼ਰਾਂਸ ਵਿੱਚ ਐਸਟ੍ਰਾਜੈਨੇਕਾ ਕੋਰੋਨਾ ਵਾਇਰਸ ਟੀਕੇ ਦੀ ਵਰਤੋਂ ਸਾਵਧਾਨੀ ਵਜੋਂ ਮੁਲਤਵੀ ਕੀਤੀ ਜਾ ਰਹੀ ਹੈ।


ਜਰਮਨੀ ’ਚ ਵੀ ਇਸ ਵੈਕਸੀਨ ਦੇ ਮਾੜੇ ਪ੍ਰਭਾਵ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਵਰਤੋਂ ਉੱਤੇ ਰੋਕ ਲਾ ਦਿੱਤੀ ਗਈ ਹੈ। ਬ੍ਰਿਟਿਸ਼-ਸਵੀਡਿਸ਼ ਦਵਾ ਕੰਪਨੀ ‘ਐਸਟ੍ਰਾਜੈਨੇਕਾ’ ਤੇ ਬ੍ਰਿਟੇਨ ਦੀ ਡਰੱਗ ਕੰਟਰੋਲਰ ਅਥਾਰਟੀ ਨੇ ਕਿਹਾ ਹੈ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਨ੍ਹਾਂ ਟੀਕਿਆਂ ਕਾਰਣ ਖ਼ੂਨ ਜੰਮਿਆ ਹੈ, ਜਿਵੇਂ ਕੁਝ ਯੂਰਪੀਅਨ ਦੇਸ਼ਾਂ ਤੋਂ ਖ਼ਬਰਾਂ ਆਈਆਂ ਹਨ।


ਇਹ ਵੀ ਪੜ੍ਹੋ: OnePlus 9 Pro ਦੇ ਇਸ ਵੇਰੀਐਂਟ ਦੀ ਦਿੱਸੀ ਪਹਿਲੀ ਝਲਕ, ਜਾਣੋ ਕਦੋਂ ਲਾਂਚ ਹੋਵੇਗਾ ਫ਼ੋਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904