ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ ਐਮਰਜੈਂਸੀ ਦਾ ਐਲਾਨ ਕਰਨ ਵਾਲੇ ਹਨ। ਉਹ ਇਹ ਐਲਾਨ ਇਸ ਲਈ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਮੈਕਸਿਕੋ ਨਾਲ ਲੱਗੀ ਦੱਖਣੀ ਹੱਦ ’ਤੇ ਕੰਧ ਬਣਾਉਣ ਲਈ ਸਰਕਾਰੀ ਖ਼ਜ਼ਾਨੇ ਤੋਂ ਪੈਸੇ ਚਾਹੀਦੇ ਹਨ।
ਦਰਅਸਲ ਉਨ੍ਹਾਂ ਨੇ ਰਾਸ਼ਟਰਪਤੀ ਚੋਣ ਦੌਰਾਨ ਮੈਕਸਿਕੋ ਤੋਂ ਗੈਰ ਕਾਨੂੰਨੀ ਪ੍ਰਵਾਸ ਰੋਕਣ ਲਈ ਇਕ ਕੰਧ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਯੂਐਸ ਪਾਰਲੀਮੈਂਟ ਤੋਂ ਪੈਸੇ ਨਹੀਂ ਲੈ ਪਾ ਰਹੇ। ਪਰ ਜੇ ਟਰੰਪ ਐਮਰਜੈਂਸੀ ਐਲਾਨ ਦਿੰਦੇ ਹਨ ਤਾਂ ਉਨ੍ਹਾਂ ਨੂੰ ਇਸ ਕੰਧ ਲਈ ਲੋੜੀਂਦੇ ਪੈਸਿਆਂ ਲਈ ਅਮਰੀਕੀ ਕਾਂਗਰਸ ਤੋਂ ਇਜਾਜ਼ਤ ਦੀ ਲੋੜ ਨਹੀਂ ਪਵੇਗੀ।
ਐਮਰਜੈਂਸੀ ਐਲਾਨਣ ਦੇ ਬਾਅਦ ਟਰੰਪ ਨੂੰ ਉਹ ਕਾਰਜਕਾਰੀ ਸ਼ਕਤੀ ਮਿਲ ਜਾਏਗੀ, ਜਿਸ ਰਾਹੀਂ ਉਹ ਰੈਸ਼ਟਰੀ ਆਫਤ ਰਾਹਤ ਫੰਡ ਦੀ ਵਰਤੋਂ ਕਰਕੇ ਦੱਖਣੀ ਮੈਕਸਿਕੋ ਦੀ ਸਰਹੱਦ ’ਤੇ ਕੰਧ ਬਣਾ ਸਕਦੇ ਹਨ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਕੰਧ ਨੂੰ ਬਣਵਾ ਕੇ ਹੀ ਦਮ ਲੈਣਗੇ। ਉਨ੍ਹਾਂ ਨੂੰ ਅਜਿਹਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ।