ਬੀਜਿੰਗ: ਮਹਿੰਗੇ ਵਿਆਹ ਪੂਰੀ ਦੁਨੀਆ ਲਈ ਸਮੱਸਿਆ ਹਨ। ਗੁਆਂਢੀ ਮੁਲਕ ਚੀਨ 'ਚ ਮਹਿੰਗੇ ਵਿਆਹ ਕਰਨਾ ਲੋਕਾਂ ਲਈ ਨਹੀਂ ਸਗੋਂ ਪ੍ਰਸਾਸ਼ਨ ਲਈ ਸਿਰਦਰਦ ਬਣ ਗਿਆ ਹੈ। ਇਸ ਨਾਲ ਨਜਿੱਠਣ ਲਈ ਮੱਧ ਹੇਨਾਨ ਖੇਤਰ ਦੇ ਪਿਯੁਆਂਗ ਪ੍ਰਸਾਸ਼ਨ ਨੇ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਤਹਿਤ ਵਿਆਹ ਦੇ ਤੋਹਫੇ, ਮਹਿਮਾਨਾਂ ਦੀ ਗਿਣਤੀ ਤੇ ਰਿਸੈਪਸ਼ਨ ‘ਤੇ ਹੋਣ ਵਾਲਾ ਖ਼ਰਚ ਤੈਅ ਕੀਤਾ ਗਿਆ ਹੈ। ਇਨ੍ਹਾਂ ਨਿਯਮਾਂ ਨੂੰ ਤੋੜਨ ਵਾਲੇ ‘ਤੇ ਕਾਨੂੰਨੀ ਕਾਰਵਾਈ ਵੀ ਹੋਵੇਗੀ। ਚੀਨ ‘ਚ ਲਗਾਤਾਰ ਵਧ ਰਹੇ ਲਿੰਗ ਅਨੁਪਾਤ ਕਰਕੇ ਮਹਿੰਗੇ ਵਿਆਹ ਹੋ ਰਹੇ ਹਨ। ਉੱਥੇ 100 ਮਹਿਲਾਵਾਂ ਪਿੱਛੇ 115 ਮਰਦ ਹਨ। ਇਸ ਕਰਕੇ ਮੁੰਡਿਆਂ ਨੂੰ ਆਪਣੀ ਜੀਵਨ ਸਾਥੀ ਮਿਲਣ ‘ਚ ਮੁਸ਼ਕਲ ਹੋ ਰਹੀ ਹੈ। ਵਿਆਹ ਲਈ ਦੁਲਹਨਾਂ ਮਹਿੰਗੇ ਤੋਹਫੇ ਦੀ ਤਰ੍ਹਾਂ ਖਰੀਦਣੀਆਂ ਪੈ ਰਹੀਆਂ ਹਨ ਜਿਸ ਕਰਕੇ ਖ਼ਰਚਾ ਵਧ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਫੈਸਲੇ ਦਾ ਮਕਸਦ ਦਹੇਜ ‘ਤੇ ਰੋਕ ਲਾਉਣਾ ਹੈ। ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਰੀਤਾਂ ‘ਚ ਬਦਲਾਅ ਕਰਨਾ ਹੈ। ਇੱਕ ਨਿਊਜ਼ ਵੈੱਬਸਾਈਟ ਮੁਤਾਬਕ ਇੱਕ ਵਿਆਹ ‘ਤੇ 1.48 ਕਰੋੜ ਤੋਂ ਜ਼ਿਆਦਾ ਦਾ ਖ਼ਰਚ ਆਉਂਦਾ ਹੈ ਜੋ ਲੱਖਾਂ ਲੋਕਾਂ ਲਈ ਮੁਸ਼ਕਲ ਹੈ।
ਤੈਅ ਕੀਤੇ ਨਿਯਮਾਂ ਮੁਤਾਬਕ, ਹੁਣ ਪੇਂਡੂ ਖੇਤਰਾਂ ‘ਦ ਦੁਲ੍ਹੇ ਦੇ ਪਰਿਵਾਰ ਨੂੰ ਮਿਲਣ ਵਾਲੀ ਰਕਮ 60,000 ਯੁਆਨ ਯਾਨੀ 6,35,680 ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਸ਼ਹਿਰਾਂ ‘ਚ ਇਹ ਰਕਮ 50 ਹਜ਼ਾਰ ਯੁਆਨ ਯਾਨੀ ਕਰੀਬ 52 ਲੱਖ ਰੁਪਏ ਹੈ। ਵਿਆਹ ਦੀ ਰਿਸੈਪਸ਼ਨ ‘ਚ ਵੀ 15 ਤੋਂ ਜ਼ਿਆਦਾ ਖਾਣੇ ਦੇ ਟੇਬਲ ਨਾ ਲਾਉਣ ਦੀ ਹਦਾਇਤ ਦਿੱਤੀ ਗਈ ਹੈ। ਖਾਣੇ ਦੀ ਲਾਗਤ 3178 ਰੁਪਏ ਪ੍ਰਤੀ ਟੇਬਲ ਤੈਅ ਕੀਤੀ ਗਈ ਹੈ ਜਦਕਿ ਸ਼ਹਿਰੀ ਖੇਤਰਾਂ ‘ਚ ਇਹ ਰਕਮ 6356 ਰੁਪਏ ਹੈ। ਵਰਲਡ ਬੈਂਕ ਦੀ ਰਿਪੋਰਟ ਮੁਤਾਬਕ 2017 ‘ਚ ਚੀਨ ‘ਚ ਔਰਤਾਂ ਦੀ ਤੁਲਨਾ ‘ਚ 4.2 ਕਰੋੜ ਜ਼ਿਆਦਾ ਮਰਦ ਸੀ। ਉਧਰ ਰਾਸ਼ਟਰੀ ਗਿਣਤੀ ਬਿਊਰੋ ਦੇ ਅੰਕੜਿਆਂ ਮੁਤਾਬਕ 100 ਔਰਤਾਂ ‘ਤੇ 115 ਮਰਦ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਫਰਕ ਵਧਦਾ ਹੈ ਤਾਂ 2020 ਤਕ 3 ਕਰੋੜ ਚੀਨੀ ਮਰਦ ਛੜੇ ਰਹਿ ਸਕਦੇ ਹਨ।