9000 ਕਰੋੜੀ ਧੋਖਾਧੜੀ ਕੇਸ 'ਚ ਘਿਰੇ ਵਿਜੇ ਮਾਲਿਆ ਨੂੰ ਬ੍ਰਿਟਿਸ਼ ਸਰਕਾਰ ਦਾ ਝਟਕਾ
ਏਬੀਪੀ ਸਾਂਝਾ | 05 Feb 2019 12:10 PM (IST)
ਲੰਡਨ: 9000 ਕਰੋੜ ਰੁਪਏ ਦੀ ਧੋਖਾਧੜੀ ਕਰਕੇ ਬ੍ਰਿਟੇਨ ਬੈਠੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਆਖਰ ਬ੍ਰਿਟੇਨ ਸਰਕਾਰ ਨੇ ਮਾਲਿਆ ਨੂੰ ਭਾਰਤ ਭੇਜਣ ਦਾ ਹੁਕਮ ਦਿੱਤਾ ਹੈ। ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵੀਦ ਨੇ ਦੱਸਿਆ ਕਿ ਧੋਖਾਧੜੀ ਤੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਦੋਸ਼ਾਂ ਹੇਠ ਬ੍ਰਿਟਿਸ਼ ਸਰਕਾਰ ਨੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮ ਦਿੱਤੇ ਹਨ। ਲੰਡਨ ਦੀ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਨੇ 10 ਦਸੰਬਰ 2018 ਨੂੰ ਕਿਹਾ ਸੀ ਕਿ 63 ਸਾਲਾ ਕਾਰੋਬਾਰੀ ਮਾਲਿਆ ਨੂੰ ਭਾਰਤੀ ਅਦਾਲਤਾਂ ਦੇ ਸਾਹਮਣੇ ਜਵਾਬ ਦੇਣਾ ਪਏਗਾ। ਬਰਤਾਨੀਆ ਵਿੱਚ ਪਾਕਿਸਤਾਨੀ ਮੂਲ ਦੇ ਸਭ ਤੋਂ ਸੀਨੀਅਰ ਮੰਤਰੀ ਜਾਵੀਦ ਦੇ ਦਫ਼ਤਰ ਨੇ ਸੋਮਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਾਰੇ ਪੱਖਾਂ ’ਤੇ ਵਿਚਾਰ ਕਰਨ ਤੋਂ ਬਾਅਦ ਮੰਤਰੀ ਨੇ ਐਤਵਾਰ ਨੂੰ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮਾਂ ’ਤੇ ਸਹੀ ਪਾਈ ਹੈ। ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਰੇ ਨੁਕਤਿਆਂ ’ਤੇ ਵਿਚਾਰ ਕਰਨ ਤੋਂ ਬਾਅਦ 3 ਫਰਵਰੀ ਨੂੰ ਮੰਤਰੀ ਨੇ ਵਿਜੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮ ਦਿੱਤੇ ਹਨ। ਅਪਰੈਲ 2017 ਵਿੱਚ ਸਕੌਟਲੈਂਡ ਯਾਰਡ ਨੂੰ ਭੇਜੇ ਗਏ ਵਾਰੰਟ ਤੋਂ ਬਾਅਦ ਮਾਲਿਆ ਜ਼ਮਾਨਤ ’ਤੇ ਹੈ। ਇਹ ਵਾਰੰਟ ਉਸ ਵੇਲੇ ਕੱਢੇ ਗਏ ਸਨ ਜਦੋਂ ਭਾਰਤੀ ਅਧਿਕਾਰੀਆਂ ਨੇ ਕਿੰਗਫਿਸ਼ਰ ਏਅਰਲਾਈਨਜ਼ ਦੇ ਸਾਬਕਾ ਮੁਖੀ ਮਾਲਿਆ ਨੂੰ 9000 ਕਰੋੜ ਰੁਪਏ ਦੀ ਧੋਖਾਧੜੀ ’ਤੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ। ਮਾਲਿਆ ਕੋਲ ਹੁਣ ਬ੍ਰਿਟਿਸ਼ ਹਾਈਕੋਰਟ ’ਚ ਅਪੀਲ ਦੀ ਇਜਾਜ਼ਤ ਵਾਸਤੇ ਅਰਜ਼ੀ ਦੇਣ ਲਈ 4 ਫਰਵਰੀ ਤੋਂ ਬਾਅਦ 14 ਦਿਨਾਂ ਦਾ ਸਮਾਂ ਹੈ। ਹੁਕਮਾਂ ਤੋਂ ਬਾਅਦ ਮਾਲਿਆ ਨੇ ਕਿਹਾ ਕਿ ਉਹ ਅਪੀਲ ਸਬੰਧੀ ਕਾਰਵਾਈ ਜਲਦੀ ਸ਼ੁਰੂ ਕਰਨਗੇ। ਭਾਰਤ ਸਰਕਾਰ ਨੇ ਬ੍ਰਿਟੇਨ ਸਰਕਾਰ ਦੇ ਹੁਕਮਾਂ ਦਾ ਸਵਾਗਤ ਕੀਤਾ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਕਾਨੂੰਨੀ ਕਾਰਵਾਈ ਜਲਦੀ ਪੂਰੀ ਹੋਣ ਦੀ ਉਡੀਕ ਹੈ।