ਲੰਡਨ: ਭਾਰਤ ਬਾਇਓਟੈਕ ਦੀ ਕੋਵਿਡ-19 ਵੈਕਸੀਨ 'ਕੋਵੈਕਸੀਨ' ਲਵਾ ਚੁੱਕੇ ਲੋਕਾਂ ਨੂੰ ਬ੍ਰਿਟੇਨ ਸਰਕਾਰ ਵੱਡੀ ਰਾਹਤ ਦੇਣ ਜਾ ਰਹੀ ਹੈ। ਬ੍ਰਿਟਿਸ਼ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ 22 ਨਵੰਬਰ ਤੋਂ ਕੋਵੈਕਸੀਨ ਨੂੰ ਆਪਣੀ ਐਮਰਜੈਂਸੀ ਵਰਤੋਂ ਸੂਚੀ 'ਚ ਸ਼ਾਮਲ ਕਰੇਗੀ। ਇਸ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਇਸ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ, ਉਹ ਬਿਨਾਂ ਕਿਸੇ ਪਾਬੰਦੀ ਦੇ ਬ੍ਰਿਟੇਨ ਦੀ ਯਾਤਰਾ ਕਰ ਸਕਣਗੇ।

ਬ੍ਰਿਟੇਨ ਦੇ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਵੀ ਇਸ ਬਾਰੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ 22 ਨਵੰਬਰ ਤੋਂ ਯੂਕੇ ਭਾਰਤ ਦੀ ਕੋਵੈਕਸਿਨ ਨੂੰ ਵੀ ਆਪਣੀ ਐਮਰਜੈਂਸੀ ਵਰਤੋਂ ਸੂਚੀ 'ਚ ਸ਼ਾਮਲ ਕਰੇਗਾ। ਇਸ ਤੋਂ ਬਾਅਦ ਜਿਨ੍ਹਾਂ ਲੋਕਾਂ ਨੂੰ ਦੋਵੇਂ ਟੀਕੇ ਲੱਗ ਚੁੱਕੇ ਹਨ, ਉਨ੍ਹਾਂ ਨੂੰ ਸੈਲਫ ਕੁਆਰੰਟੀਨ ਹੋਣ ਦੀ ਲੋੜ ਨਹੀਂ ਪਵੇਗੀ।

ਡਬਲਿਊਐਚਓ ਦੀ ਮਾਨਤਾ ਤੋਂ ਬਾਅਦ ਆਇਆ ਫ਼ੈਸਲਾ
ਵਿਸ਼ਵ ਸਿਹਤ ਸੰਗਠਨ ਨੇ ਹਾਲ ਹੀ 'ਚ ਭਾਰਤ ਬਾਇਓਟੈਕ ਦੀ ਕੋਵਿਡ-19 ਵੈਕਸੀਨ ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਸੂਚੀ 'ਚ ਸ਼ਾਮਲ ਕੀਤਾ ਸੀ। ਇਸ ਤੋਂ ਬਾਅਦ ਬ੍ਰਿਟੇਨ ਨੇ ਇਹ ਕਦਮ ਚੁੱਕਿਆ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਬ੍ਰਿਟੇਨ ਨੇ ਵੀ ਕੋਵਿਸ਼ੀਲਡ ਨੂੰ ਆਪਣੀ ਮਨਜ਼ੂਰ ਸੂਚੀ 'ਚ ਸ਼ਾਮਲ ਕੀਤਾ ਸੀ।

ਯੂਕੇ ਨੇ ਵੀ 18 ਸਾਲ ਤੋਂ ਘੱਟ ਉਮਰ ਦੇ ਯਾਤਰੀਆਂ ਨੂੰ ਰਾਹਤ ਦਿੱਤੀ ਹੈ। ਇਨ੍ਹਾਂ ਯਾਤਰੀਆਂ ਨੂੰ ਵੀ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀ ਮੰਨਿਆ ਜਾਵੇਗਾ। ਨਾਲ ਹੀ ਉਨ੍ਹਾਂ ਨੂੰ ਕੋਈ ਟੈਸਟ ਜਾਂ ਆਈਸੋਲੇਸ਼ਨ 'ਚੋਂ ਨਹੀਂ ਗੁਜ਼ਰਨਾ ਪਵੇਗਾ। ਹਾਲਾਂਕਿ ਇਨ੍ਹਾਂ ਯਾਤਰੀਆਂ ਨੂੰ ਆਪਣੇ ਨਾਲ ਕੋਵਿਡ-19 ਟੈਸਟ ਦੀ ਰਿਪੋਰਟ ਲੈ ਕੇ ਜਾਣੀ ਪਵੇਗੀ।

ਚੀਨ ਦੇ ਸਿਨੋਵੈਕ ਅਤੇ ਸਿਨੋਫ਼ਾਰਮ ਨੂੰ ਵੀ ਮਾਨਤਾ ਮਿਲੇਗੀ
ਬ੍ਰਿਟੇਨ ਦੀ ਸਰਕਾਰ ਨੇ ਕਿਹਾ ਹੈ ਕਿ ਭਾਰਤ ਦੇ ਕੋਵੈਕਸੀਨ ਤੋਂ ਇਲਾਵਾ ਚੀਨ ਦੇ ਬਣੇ ਸਿਨੋਵੈਕ ਅਤੇ ਸਿਨੋਫ਼ਾਰਮਾ ਕੋਵਿਡ-19 ਵੈਕਸੀਨ ਨੂੰ ਵੀ ਐਮਰਜੈਂਸੀ ਵਰਤੋਂ ਸੂਚੀ 'ਚ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਦੋਵਾਂ ਟੀਕਿਆਂ ਨੂੰ WHO ਦੁਆਰਾ ਵੀ ਮਾਨਤਾ ਦਿੱਤੀ ਗਈ ਹੈ। ਯੂਕੇ ਸਰਕਾਰ ਦੁਆਰਾ ਕੀਤੇ ਗਏ ਇਹ ਸਾਰੇ ਬਦਲਾਅ 22 ਨਵੰਬਰ ਨੂੰ ਸਵੇਰੇ 4 ਵਜੇ ਤੋਂ ਲਾਗੂ ਹੋਣਗੇ।

ਯੂਕੇ ਯਾਤਰਾ ਨਿਯਮਾਂ ਨੂੰ ਸੌਖਾ ਬਣਾ ਰਿਹਾ
ਯੂਕੇ ਦੇ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ੈਪਸ ਨੇ ਸੋਮਵਾਰ ਨੂੰ ਕਿਹਾ ਕਿ ਯਾਤਰਾ ਨਿਯਮਾਂ ਨੂੰ ਹੋਰ ਆਸਾਨ ਬਣਾਇਆ ਜਾ ਰਿਹਾ ਹੈ। 18 ਸਾਲ ਤੋਂ ਘੱਟ ਉਮਰ ਦੇ ਸਾਰੇ ਯਾਤਰੀਆਂ ਨੂੰ ਟੀਕਾ ਲਗਾਇਆ ਗਿਆ ਯਾਤਰੀ ਮੰਨਿਆ ਜਾ ਰਿਹਾ ਹੈ। ਅਜਿਹੇ ਯਾਤਰੀਆਂ ਨੂੰ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਜਾਂਚ ਕਰਨੀ ਪਵੇਗੀ ਤੇ ਸਬੰਧਤ ਸਰਟੀਫ਼ਿਕੇਟ ਨਾਲ ਲੈ ਕੇ ਜਾਣਾ ਹੋਵੇਗਾ। ਯਾਤਰਾ ਨਿਯਮਾਂ ਦੇ ਸਰਲੀਕਰਨ ਤੋਂ ਬਾਅਦ ਕੋਵਿਡ-19 ਵੈਕਸੀਨ ਲੈਣ ਵਾਲੇ ਯਾਤਰੀਆਂ ਦੀ ਗਿਣਤੀ ਵੀ ਵਧੀ ਹੈ।


 


 


ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ