ਟੋਰੰਟੋ: ਪੂਰਬੀ ਬਰੈਂਪਟਨ ਹਲਕੇ ਤੋਂ ਅਸਤੀਫ਼ਾ ਦੇ ਚੁੱਕੇ ਸੰਸਦ ਮੈਂਬਰ ਰਾਜ ਗਰੇਵਾਲ ਦੇ ਹਾਲੇ ਤਕ ਲਿਬਰਲ ਪਾਰਟੀ ਦੇ ਮੈਂਬਰ ਬਣੇ ਰਹਿਣ 'ਤੇ ਵਿਰੋਧੀਆਂ ਨੇ ਸਵਾਲ ਚੁੱਕੇ ਹਨ। ਜੂਏ ਦੇ ਐਬ ਵਿੱਚ ਗਲਤਾਨ ਹੋਏ ਸਾਬਕਾ ਸੰਸਦ ਮੈਂਬਰ ਰਾਜ ਗਰੇਵਾਲ ਲਿਬਰਲ ਕੌਕਸ ਤੇ ਹਾਊਸ ਆਫ਼ ਕਾਮਨਜ਼ ਵਿੱਚ ਹਾਲੇ ਵੀ ਮੌਜੂਦ ਹਨ।
ਸਦਨ ਵਿੱਚ ਕੈਨੇਡਾ ਦੇ ਵਿਰੋਧੀ ਧਿਰ ਤੇ ਕੰਜ਼ਰਵੇਟਵ ਪਾਰਟੀ ਦੇ ਨੇਤਾ ਐਂਡ੍ਰਿਊ ਸਚੀਰ ਦੀ ਥਾਂ 'ਤੇ ਉਨ੍ਹਾਂ ਦੇ ਸਾਥੀ ਐਮਪੀ ਮਾਰਕ ਸਟ੍ਰਾਹਲ ਨੇ ਗਰੇਵਾਲ ਦੇ ਅਸਤੀਫ਼ੇ 'ਤੇ ਪ੍ਰਧਾਨ ਮੰਤਰੀ ਦਫ਼ਤਰ 'ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਪੀਐਮਓ ਨੂੰ ਕੀ ਕੁਝ ਤੇ ਕਦੋਂ-ਕਦੋਂ ਪਤਾ ਲੱਗਾ।
ਵਿਰੋਧੀਆਂ ਦੇ ਸਵਾਲਾਂ 'ਤੇ ਜਵਾਬ ਦਿੰਦਿਆਂ ਸਰਕਾਰ ਦੇ ਚੀਫ਼ ਵ੍ਹਿੱਪ ਮਾਰਕ ਹੌਲੈਂਡ ਨੇ ਦੱਸਿਆ ਕਿ ਗਰੇਵਾਲ ਨੇ ਹਾਲੇ ਸਦਨ ਤੋਂ ਆਪਣਾ ਅਸਤੀਫ਼ਾ ਸਪੀਕਰ ਨੂੰ ਨਹੀਂ ਸੌਂਪਿਆ ਅਤੇ ਨਾ ਹੀ ਸਿਆਸਤ ਛੱਡਣ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਰਾਜ ਗਰੇਵਾਲ ਨੇ ਪਹਿਲੀ ਦਸੰਬਰ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਖ਼ੁਦ ਦੇ ਜੁਆਰੀ ਹੋਣ ਦੀ ਕਹਾਣੀ ਦੱਸੀ ਸੀ ਅਤੇ ਨਾਲ ਹੀ ਕਾਲਾ ਧਨ ਇਕੱਠਾ ਕਰਨ ਸਬੰਧੀ ਲੱਗ ਰਹੇ ਇਲਜ਼ਾਮਾਂ 'ਤੇ ਸਫ਼ਾਈ ਵੀ ਪੇਸ਼ ਕੀਤੀ ਸੀ।