ਟੋਰੰਟੋ: ਕੈਨੇਡਾ ਦੇ ਸੰਸਦ ਮੈਂਬਰ ਅਤੇ ਲਿਬਰਲ ਪਾਰਟੀ ਦੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਰਾਜ ਗਰੇਵਾਲ ਨੇ ਆਖ਼ਰ ਲੋਕਾਂ ਸਾਹਮਣੇ ਆਪਣਾ ਸੱਚ ਰੱਖ ਹੀ ਦਿੱਤਾ ਹੈ। ਗਰੇਵਾਲ ਨੇ ਆਪਣੇ ਫੇਸਬੁੱਕ 'ਤੇ ਲੰਮੀ ਪੋਸਟ ਪਾਈ ਅਤੇ ਜੁਆਰੀ ਬਣਨ ਦੀ ਸਾਰੀ ਕਹਾਣੀ ਬਿਆਨ ਕੀਤੀ। ਉਨ੍ਹਾਂ ਆਪਣੀ ਇਸ ਪੋਸਟ ਵਿੱਚ ਆਪਣੇ ਪਰਿਵਾਰ ਅਤੇ ਕੈਨੇਡਾ ਦੇ ਲੋਕਾਂ ਤੋਂ ਮੁਆਫ਼ੀ ਵੀ ਮੰਗੀ ਹੈ।

ਕਿੱਥੋਂ ਲੱਗੀ ਜੂਏਬਾਜ਼ੀ ਦੀ ਲਤ-

ਗਰੇਵਾਲ ਨੇ ਦੱਸਿਆ ਕਿ ਯੂਨੀਵਰਸਿਟੀ ਸਮੇਂ ਸ਼ੌਕ ਵਜੋਂ ਜੂਆ ਖੇਡਣ ਲੱਗੇ ਅਤੇ ਹੌਲੀ-ਹੌਲੀ ਉਨ੍ਹਾਂ ਨੂੰ ਇਸ ਦੀ ਲਤ ਲੱਗ ਗਈ। ਗਰੇਵਾਲ ਨੇ ਦੱਸਿਆ ਕਿ ਜਦ ਉਹ ਓਟਾਵਾ ਤੋਂ ਸੰਸਦ ਮੈਂਬਰ ਹੁੰਦਿਆਂ ਉਹ ਗੇਟਿਨੇਊ ਕਿਊਬੇਕ ਦੇ ਹਿਲਟਨ ਹੋਟਲ ਵਿੱਚ ਠਹਿਰਦੇ ਸਨ ਜੋ ਕੈਸਿਨੋ ਡੂ ਲੇਕ ਲੀਅਮੇ ਨਾਲ ਅੰਦਰੂਨੀ ਤੌਰ 'ਤੇ ਜੁੜਿਆ ਹੋਇਆ ਸੀ। ਉੱਥੇ ਉਨ੍ਹਾਂ ਪਹਿਲੀ ਵਾਰ ਕੈਸਿਨੋ ਵਿੱਚ ਬਲੈਕਜੈਕ ਖੇਡ ਖੇਡੀ ਅਤੇ ਹੌਲੀ-ਹੌਲੀ ਉੱਚੇ ਦਾਅ ਖੇਡਣ ਲੱਗ ਪਿਆ।

ਜੂਆ ਕਿੰਝ ਖੇਡਦੇ ਸੀ ਰਾਜ-

ਉਨ੍ਹਾਂ ਦੱਸਿਆ ਕਿ ਉਹ ਇੱਕ ਟੇਬਲ 'ਤੇ 15 ਤੋਂ 30 ਮਿੰਟ ਤਕ ਰੁਕਦੇ ਸਨ ਅਤੇ ਵੱਡੀ ਮਾਤਰਾ 'ਚ ਪੈਸੇ ਜਿੱਤਦੇ। ਇਸ ਤਰ੍ਹਾਂ ਪੈਸੇ ਜਿੱਤਣ ਦੇ ਲਾਲਚ ਵਿੱਚ ਉਹ ਇਸ ਐਬ 'ਚ ਬੁਰੀ ਤਰ੍ਹਾਂ ਫਸ ਗਏ ਅਤੇ ਕਰਜ਼ਦਾਰ ਬਣ ਗਏ। ਤਿੰਨ ਸਾਲਾਂ ਦੌਰਾਨ ਵਿੱਚ ਉਹ ਕਈ ਮਿਲੀਅਨ ਡਾਲਰ ਦੇ ਕਰਜ਼ਦਾਰ ਹੋ ਗਏ।

ਇਹ ਵੀ ਪੜ੍ਹੋ: ਕੈਨੇਡਾ ਦੇ ਸੰਸਦ ਮੈਂਬਰ ਰਾਜ ਗਰੇਵਾਲ ਵੱਲੋਂ ਅਸਤੀਫ਼ਾ

ਫੇਸਬੁੱਕ ਪੋਸਟ ਰਾਹੀਂ ਦਿੱਤੇ ਸਾਰੇ ਜਵਾਬ-

ਗਰੇਵਾਲ ਨੇ ਆਪਣੀ ਫੇਸਬੁੱਕ ਪੋਸਟ ਰਾਹੀਂ ਆਪਣੇ ਉੱਪਰ ਲੱਗਣ ਵਾਲੇ ਕਾਲਾ ਧਨ ਇਕੱਠਾ ਕਰਨ ਅਤੇ ਦਹਿਸ਼ਤੀ ਜਥੇਬੰਦੀਆਂ ਨੂੰ ਫੰਡਿੰਗ ਦੇ ਇਲਜ਼ਾਮਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਹਰ ਕਰਜ਼ ਦੀ ਅਦਾਇਗੀ ਚੈੱਕ ਰਾਹੀਂ ਕੀਤੀ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਹਰੇਕ ਦਾ ਉਧਾਰ ਵਾਪਸ ਕਰ ਦਿੱਤਾ ਹੈ ਅਤੇ ਬਿਲਕੁਲ ਪਾਰਦਰਸ਼ੀ ਅਤੇ ਜਾਇਜ਼ ਤਰੀਕੇ ਨਾਲ ਪੈਸੇ ਦਿੱਤੇ ਹਨ। ਗਰੇਵਾਲ ਦੱਸਿਆ ਕਿ ਉਹ ਪੈਸੇ ਦੀ ਵਰਤੋਂ ਸਿਰਫ਼ ਤੇ ਸਿਰਫ਼ ਆਪਣੇ ਐਬ ਦੀ ਪੂਰਤੀ ਹੀ ਵਰਤਦੇ ਸਨ ਨਾ ਕਿ ਹੋਰ ਕਿਸੇ ਵੀ ਸੰਗੀਨ ਕੰਮ ਲਈ।

ਆਪਣੀਆਂ ਕਰਤੂਤਾਂ ਲਈ ਮੰਗੀ ਮੁਆਫ਼ੀ-

ਸਾਬਕਾ ਮੰਤਰੀ ਨੇ ਆਪਣੀ ਇਸ ਹਰਕਤ 'ਤੇ ਸ਼ਰਮਿੰਦਾ ਹੁੰਦਿਆਂ ਪਰਿਵਾਰ ਤੋਂ ਮੁਆਫ਼ੀ ਮੰਗੀ ਹੈ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਰਕਮਾਂ ਨਾਲ ਜ਼ਮਾਨਤਾਂ ਭੁਗਤਾਈਆਂ ਹਨ ਤੇ ਉਨ੍ਹਾਂ ਦਾ ਭਾਰ ਵੰਡਾਇਆ। ਗਰੇਵਾਲ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਪਿਛਲੀ ਪੰਜ ਨਵੰਬਰ 2018 ਨੂੰ ਆਪਣੇ ਪਰਿਵਾਰ ਨੂੰ ਆਪਣੀ ਇਸ ਸਮੱਸਿਆ ਬਾਰੇ ਦੱਸਿਆ ਅਤੇ ਫਿਰ 19 ਨਵੰਬਰ ਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਸੂਚਿਤ ਕੀਤਾ। ਉਨ੍ਹਾਂ ਆਪਣੇ ਜੂਏ ਦੀ ਸਮੱਸਿਆ ਤੇ ਮਾਨਸਿਕ ਸਿਹਤ ਦਾ ਹਵਾਲਾ ਦਿੰਦਿਆਂ ਹੀ ਅਸਤੀਫ਼ਾ ਦਿੱਤਾ ਸੀ ਨਾ ਕਿ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਕਾਰਨ।

ਸਬੰਧਤ ਖ਼ਬਰ: ਐਮਪੀ ਰਾਜ ਗਰੇਵਾਲ ਜੁਆਰੀ..?

ਸੰਸਦੀ ਕਮੇਟੀਆਂ 'ਚ ਆਪਣੇ ਰੋਲ ਦਾ ਖੁਲਾਸਾ-

ਸਾਬਕਾ ਐਮਪੀ ਨੇ ਦੱਸਿਆ ਕਿ ਵਿੱਤੀ ਮਾਮਲਿਆਂ ਬਾਰੇ ਸੰਸਦੀ ਕਮੇਟੀ ਮੈਂਬਰ ਹੋਣ ਨਾਤੇ ਉਨ੍ਹਾਂ ਦਹਿਸ਼ਤੀ ਗਤੀਵਿਧੀਆਂ ਅਤੇ ਕਾਲੇ ਧਨ ਸਬੰਧੀ ਦੇਸ਼ ਦੀਆਂ ਏਜੰਸੀਆਂ ਤੋਂ ਆਪਣੇ ਦਾਇਰੇ ਵਿੱਚ ਹੀ ਰਹਿੰਦਿਆਂ ਹੀ ਸਵਾਲ ਪੁੱਛੇ ਸਨ। ਉਨ੍ਹਾਂ ਦੱਸਿਆ ਕਿ ਇਸੇ ਸਾਲ ਅੱਠ ਫਰਵਰੀ ਤੇ 20 ਜੂਨ ਨੂੰ ਉਨ੍ਹਾਂ ਏਜੰਸੀਆਂ ਨਾਲ ਪਾਰਲੀਮੈਂਟ ਦੀ ਲਾਈਬ੍ਰੇਰੀ ਵੱਲੋਂ ਤਿਆਰ ਕੀਤੇ ਨਿਰਦੇਸ਼ਾਂ ਮੁਤਾਬਕ ਹੀ ਗੱਲਬਾਤ ਕੀਤੀ ਸੀ। ਉਨ੍ਹਾਂ ਫੇਸਬੁੱਕ ਪੋਸਟ ਵਿੱਚ ਸਾਫ਼ ਕੀਤਾ ਕਿ ਤਿੰਨ ਸਾਲ ਵਿੱਤੀ ਕਮੇਟੀ ਵਿੱਚ ਕੰਮ ਕਰਨ ਤੋਂ ਬਾਅਦ ਉਹ ਨਵਾ ਤਜ਼ਰਬਾ ਹਾਸਲ ਕਰਨ ਲਈ ਹੀ ਸਰਕਾਰ ਦੀ ਮਰਜ਼ੀ ਮੁਤਾਬਕ ਸਿਹਤ ਬਾਰੇ ਬਣੀ ਸੰਸਦੀ ਕਮੇਟੀ ਵਿੱਚ ਬੀਤੀ 19 ਸਤੰਬਰ ਨੂੰ ਸ਼ਾਲਮ ਹੋ ਗਏ ਸਨ।

ਮਿਲੀਅਨਾਂ ਦੇ ਕੋਂਡੋ ਦੀ ਸੱਚਾਈ-

ਉਨ੍ਹਾਂ ਸਾਫ਼ ਕੀਤਾ ਕਿ ਜਨਵਰੀ 2018 ਵਿੱਚ ਉਨ੍ਹਾਂ ਆਪਣੀ ਵਕੀਲ ਪਤਨੀ ਨਾਲ ਰਲ 1.44 ਮਿਲੀਅਨ ਡਾਲਰ ਨਾਲ ਟੋਰੰਟੋ ਵਿੱਚ ਵੱਡਾ ਘਰ (ਕੋਂਡੋ) ਖਰੀਦਿਆ ਸੀ, ਜਿਸ ਦੇ ਹਾਲੇ ਇੱਕ ਮਿਲੀਅਨ ਡਾਲਰ ਅਦਾ ਕਰਨੇ ਬਕਾਇਆ ਹਨ। ਗਰੇਵਾਲ ਨੇ ਆਪਣੀ ਪਤਨੀ ਵੱਲੋਂ ਚਾਰ ਸਾਲ ਪਹਿਲਾਂ $324,000 ਦੀ ਕੀਮਤ ਦਾ ਕੋਂਡੋ ਖਰੀਦੇ ਜਾਣ ਦਾ ਵੀ ਖੁਲਾਸਾ ਕੀਤਾ ਤੇ ਦੱਸਿਆ ਕਿ ਉਹ ਇਕੱਲੀ ਇਸ ਦੀ ਮਾਲਕਣ ਹੈ।

ਇਹ ਵੀ ਪੜ੍ਹੋ: ਟਰੂਡੋ ਦੇ ਸਿੱਖ ਮੰਤਰੀ ਦੇ ਕਾਲੇ ਧਨ ਤੇ ਦਹਿਸ਼ਤੀ ਫੰਡਿੰਗ ਨਾਲ ਜੁੜੇ ਤਾਰ

ਪਤਨੀ ਨੇ ਖਰੀਦੀਆਂ ਜਾਇਦਾਦਾਂ ਤੇ ਦੋਸਤਾਂ ਦੇ ਨਾਂਅ 'ਤੇ ਗੱਡੀਆਂ-

ਦਰਅਸਲ, ਇਸ ਰਾਹੀਂ ਉਨ੍ਹਾਂ ਆਪਣੇ ਤੇ ਆਪਣੀ ਪਤਨੀ ਦੇ ਅਸਾਸੇ ਤੇ ਜਾਇਦਾਦਾਂ ਬਾਰੇ ਮੀਡੀਆ ਰਿਪੋਰਟਾਂ ਵਿੱਚ ਛਪੀ ਜਾਣਕਾਰੀ ਦਾ ਖੰਡਨ ਕੀਤਾ। ਗਰੇਵਾਲ ਨੇ ਦੱਸਿਆ ਕਿ ਜਿਨ੍ਹਾਂ ਤਿੰਨ ਥਾਵਾਂ ਤੋਂ ਉਨ੍ਹਾਂ ਕਰਜ਼ ਚੁੱਕਿਆ ਸੀ ਉਸ ਬਾਰੇ ਵੀ ਜਾਂਚ ਕਰ ਰਹੇ ਐਥਿਕਸ ਕਮਿਸ਼ਨਰ ਨੂੰ ਦੱਸ ਚੁੱਕੇ ਹਨ। ਗਰੇਵਾਲ ਨੇ ਆਪਣੇ ਵਾਹਨਾਂ ਤੇ ਹੋਰ ਅਸਾਸਿਆਂ ਬਾਰੇ ਵੀ ਵਿਸਥਾਰ ਨਾਲ ਫੇਸਬੁੱਕ ਤੇ ਖੁਲਾਸਾ ਕੀਤਾ ਹੈ ਅਤੇ ਵੀਡੀਓ ਸੰਦੇਸ਼ ਰਾਹੀਂ ਖ਼ੁਦ ਨੂੰ ਸੱਚਾ ਸਾਬਤ ਕਰਨ ਤੇ ਸੰਗੀਨ ਦੋਸ਼ਾਂ ਨੂੰ ਨਕਾਰਿਆ ਹੈ।

ਰਾਜ ਗਰੇਵਾਲ ਦੀ ਪੋਸਟ ਦੀ ਫੇਸਬੁੱਕ ਪੋਸਟ -