ਵਾਸ਼ਿੰਗਟਨ: ਅਮਰੀਕਾ ਦੇ ਵਿਸਕਾਨਸਿਨ ਸੂਬੇ ਵਿੱਚ ਬੁੱਧਵਾਰ ਨੂੰ ਗੋਲੀਬਾਰੀ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਹਮਲਾਵਰ ਨੇ ਗੋਲੀਬਾਰੀ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਇਹ ਘਟਨਾ ਵਿਸਕਾਨਸਿਨ ਦੇ ਮਿਲਵਾਕੀ ਸ਼ਹਿਰ ਵਿੱਚ ਮਾਲਸਨ ਕੌਰਸ ਬੀਅਰ ਕੰਪਨੀ ਦੇ ਕੈਂਪਸ ਵਿੱਚ ਵਾਪਰੀ।

ਸਥਾਨਕ ਅਧਿਕਾਰੀਆਂ ਅਨੁਸਾਰ ਇਹ ਇਲਾਕਾ ਬੰਦ ਕਰ ਦਿੱਤਾ ਗਿਆ ਸੀ। ਹਮਲਾਵਰ ਦੀ ਪਛਾਣ ਇੱਕ 51 ਸਾਲਾ ਮਿਲਵਾਕੀ ਨਿਵਾਸੀ ਵਜੋਂ ਹੋਈ ਹੈ। ਗੋਲੀਬਾਰੀ ਪਿੱਛੇ ਉਸ ਦਾ ਮਨੋਰਥ ਪਤਾ ਨਹੀਂ ਲੱਗ ਸਕਿਆ। ਘਟਨਾ ਬੁੱਧਵਾਰ ਦੁਪਹਿਰ ਦੀ ਹੈ। ਉਸ ਸਮੇਂ ਸੈਂਕੜੇ ਕਰਮਚਾਰੀ ਦਫਤਰ ਵਿੱਚ ਸਨ। ਮਿਲਵਾਕੀ ਦੇ ਪੁਲਿਸ ਮੁਖੀ ਅਲਫੋਂਸੋ ਮੋਰੇਲਸ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਕੰਪਨੀ ਦੇ ਪੰਜ ਕਰਮਚਾਰੀ ਵੀ ਸ਼ਾਮਲ ਹਨ। ਘਟਨਾ ਤੋਂ ਬਾਅਦ ਨੇੜਲੇ ਸਕੂਲ ਤੇ ਦਫਤਰ ਬੰਦ ਕਰ ਦਿੱਤੇ ਗਏ ਹਨ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਅਤੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਸ ਨੇ ਹਮਲਾ ਕਰਨ ਵਾਲੇ ਨੂੰ 'ਦੁਸ਼ਟ ਕਾਤਲ' ਦੱਸਿਆ। ਵਿਸਕਾਨਸਿਨ ਦੇ ਸੰਸਦ ਮੈਂਬਰ ਮਾਈਕ ਗੈਲਾਘਰ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ- ਅਜਿਹੀਆਂ ਘਟਨਾਵਾਂ ਦਾ ਸਾਡੇ ਸਮਾਜ ਵਿੱਚ ਕੋਈ ਸਥਾਨ ਨਹੀਂ। ਹਾਲਾਂਕਿ, ਅਜੇ ਤੱਕ ਕੰਪਨੀ ਦੁਆਰਾ ਕੋਈ ਬਿਆਨ ਨਹੀਂ ਆਇਆ।