ਚੰਡੀਗੜ੍ਹ: ਵਟਸਐਪ ਨੇ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦੇ ਖਾਤੇ 'ਤੇ ਪਾਬੰਦੀ ਲਾ ਦਿੱਤੀ ਹੈ। ਪੰਨੂ ਖਾਲਿਸਤਾਨ ਲਈ ਰੈਫਰੰਡਮ ਮੁਹਿੰਮ ਦਾ ਪ੍ਰਚਾਰ ਕਰ ਰਿਹਾ ਸੀ।
ਇਸ ਤੋਂ ਕੁਝ ਦਿਨ ਪਹਿਲਾਂ ਐਸਐਫਜੇ ਨੇ ਪੰਜਾਬ ਨਾਲ ਸਬੰਧਤ ਰੈਫਰੰਡਮ 2020 ਖਾਲਿਸਤਾਨ ਦੇ ਵਟਸਐਪ ਗਰੁੱਪਾਂ ਦਾ ਐਡਮਿਨ ਪੰਨੂੰ ਨੂੰ ਬਣਾਉਣ ਲਈ ਕਿਹਾ ਸੀ ਤਾਂ ਜੋ ਇਹ ਮੁਹਿੰਮ ਚਲਾਉਣ ਵਾਲੇ ਭਾਰਤ ਰਹਿੰਦੇ ਦੇਸ਼-ਧ੍ਰੋਹ ਦੇ ਮੁਕੱਦਮੇ ਤੋਂ ਬਚ ਸਕਣ।
ਇਸੇ ਮਹੀਨੇ ਪਹਿਲਾਂ ਭਾਰਤ ਸਰਕਾਰ ਦੀ ਸ਼ਿਕਾਇਤ 'ਤੇ ਟਵਿੱਟਰ ਨੇ ਪੰਨੂ ਦਾ ਖਾਤਾ ਬੰਦ ਕਰ ਦਿੱਤਾ ਸੀ। ਪੰਨੂ ਨੇ ਨਿਊਯਾਰਕ ਤੋਂ ਬਿਆਨ ਜਾਰੀ ਕਰਦਿਆਂ ਆਪਣੇ ਆਪ ਨੂੰ ਉਨ੍ਹਾਂ ਵਟਸਐਪ ਗਰੁੱਪਾਂ ਦਾ ਐਡਮਿਨ ਬਣਾਉਣ ਲਈ ਕਿਹਾ ਸੀ ਜਿਨ੍ਹਾਂ 'ਚ ਰੈਫਰੰਡਮ 2020 ਦੀ ਹਮਾਇਤ ਕੀਤੀ ਜਾਂਦੀ ਹੈ।
ਦਰਅਸਲ ਭਾਰਤ ਸਰਕਾਰ ਨੇ ਉਨ੍ਹਾਂ ਵਟਸਐਪ ਗਰੁੱਪਾਂ ਦੇ ਐਡਮਿਨ 'ਤੇ ਕਾਰਵਾਈ ਕਰਨ ਲਈ ਕਿਹਾ ਸੀ ਜਿਨ੍ਹਾਂ 'ਚ ਭੜਕਾਊ ਸਮੱਗਰੀ ਸ਼ੇਅਰ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਪੰਨੂ ਦਾ ਇਹ ਬਿਆਨ ਆਇਆ ਸੀ।
ਜ਼ਿਕਰਯੋਗ ਹੈ ਕਿ ਅਗਸਤ ਮਹੀਨੇ ਲੰਦਨ 'ਚ 'ਰੈਫਰੰਡਮ 2020' ਦੀ ਹਮਾਇਤ 'ਚ ਹੋਈ ਰੈਲੀ ਲਈ ਭਾਰਤ ਸਰਕਾਰ ਨੇ ਬ੍ਰਿਟੇਨ ਸਰਕਾਰ ਕੋਲ ਆਪਣਾ ਇਤਰਾਜ ਜਤਾਇਆ ਸੀ। ਪੰਜਾਬ ਸਰਕਾਰ ਨੇ ਵੀ ਪੰਨੂ ਸਮੇਤ ਐਸਐਫਜੇ ਦੇ ਕਾਰਕੁਨਾਂ 'ਤੇ ਦੇਸ਼-ਧ੍ਰੋਹ ਦੇ ਮੁਕੱਦਮੇ ਦਰਜ ਕੀਤੇ ਸੀ ਜਿਨ੍ਹਾਂ ਨੇ 2017 'ਚ ਪੰਜਾਬ 'ਚ ਰੈਫਰੰਡਮ ਲਈ ਪੋਸਟਰ ਚਿਪਕਾਏ ਸਨ।