ਟੁਗਵੇਗਾਰਾਓ: ਖਤਰਨਾਕ ਤੂਫਾਨ ਮੰਗਖੁਤ ਉੱਤਰੀ ਫਿਲੀਪੀਨਸ 'ਚ ਤਬਾਹੀ ਮਚਾਉਣ ਤੋਂ ਬਾਅਦ ਹਾਂਗਕਾਂਗ ਤੇ ਦੱਖਣੀ ਚੀਨ ਵੱਲ ਵਧ ਰਿਹਾ ਹੈ। ਫਿਲੀਪੀਨਸ 'ਚ ਹਨ੍ਹੇਰੀ ਤੇ ਮੋਹਲੇਧਾਰ ਮੀਂਹ ਨਾਲ ਆਏ ਤੂਫਾਨ ਕਾਰਨ ਢਿੱਗਾਂ ਡਿੱਗਣ ਤੇ ਮਕਾਨ ਡਿੱਗਣ ਦੀਆਂ ਘਟਨਾਵਾਂ 'ਚ ਲਗਪਗ 12 ਲੋਕ ਮਾਰੇ ਗਏ।


ਵਿਸ਼ਵ 'ਚ ਇਸ ਸਾਲ ਦਾ ਇਹ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ। ਹਵਾਈ ਸਥਿਤ ਸੰਯੁਕਤ ਤੂਫਾਨ ਚੇਤਾਵਨੀ ਕੇਂਦਰ ਨੇ ਦੱਸਿਆ ਕਿ ਇਸ ਤੂਫਾਨ ਦੇ ਰਾਹ 'ਚ 50 ਲੱਖ ਤੋਂ ਜ਼ਿਆਦਾ ਲੋਕ ਹਨ। ਮੰਗਖੁਤ ਤੂਫਾਨ ਜਦੋਂ ਫਿਲੀਪੀਨਸ ਪਹੁੰਚਿਆਂ ਤਾਂ ਚਾਰ ਦਰਜੇ ਦੇ ਅਟਲਾਂਟਿਕ ਤੂਫਾਨ ਦੇ ਬਰਾਬਰ ਤੇਜ਼ ਹਵਾਵਾਂ ਤੇ ਹਨ੍ਹੇਰੀ ਚੱਲੀ।


ਤੂਫਾਨ ਕਾਰਨ 150 ਉਡਾਣਾਂ ਰੱਦ:


ਤੂਫਾਨ ਦੇ ਮੱਦੇਨਜ਼ਰ ਚੀਨ ਤੇ ਫਿਲਪੀਨਸ ਦਰਮਿਆਨ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਯਾਤਰਾ ਟਾਲਣ ਦੀ ਸਹਿਮਤੀ ਬਣੀ ਹੈ। ਤੂਫਾਨ ਕਾਰਨ ਕਰੀਬ 150 ਉਡਾਣਾਂ ਨੂੰ ਰੱਦ ਕਰਨਾ ਪਿਆ ਤੇ ਨਾਲ ਹੀ ਸਮੁੰਦਰੀ ਮਾਰਗ ਤੋਂ ਵੀ ਯਾਤਰਾ ਬੰਦ ਕਰਨੀ ਪਈ। ਹਾਂਗਕਾਂਗ ਆਬਜ਼ਰਵੇਟਰੀ ਨੇ ਕਿਹਾ ਕਿ ਭਾਵੇਂ ਤੂਫਾਨ ਥੋੜ੍ਹਾ ਕਮਜ਼ੋਰ ਪਿਆ ਹੈ ਪਰ ਇਸ ਦਾ ਪ੍ਰਭਾਵ ਅਜੇ ਵੀ ਕਾਇਮ ਹੈ।