ਵਾਸ਼ਿੰਗਟਨ: ਅਮਰੀਕਾ ਦੇ ਨਾਗਰਿਕਤਾ ਤੇ ਪਰਵਾਸ ਸੇਵਾ ਵਿਭਾਗ (USCIS) ਨੇ ਜਾਣਕਾਰੀ ਦਿੱਤੀ ਹੈ ਕਿ ਅਗਲੇ ਮਹੀਨੇ ਦੀ ਦੋ ਤਾਰੀਖ਼ ਤੋਂ H-1B ਵੀਜ਼ਾ ਲਈ ਬਿਨੈ ਪੱਤਰ ਸਵੀਕਾਰ ਕਰਨੇ ਸ਼ੁਰੂ ਕੀਤੇ ਜਾਣਗੇ। H-1B ਭਾਰਤੀ ਹੁਨਰਮੰਦ ਤਕਨੀਕੀ ਮਾਹਰਾਂ ਵਿੱਚ ਕਾਫੀ ਪ੍ਰਚਲਿਤ ਹੈ।

ਇਹ H-1B ਪਟੀਸ਼ਨਾਂ 1 ਅਕਤੂਬਰ 2018 ਤੋਂ ਸ਼ੁਰੂ ਹੋਣ ਵਾਲੇ ਸਾਲ 2019 ਦੇ ਵਿੱਤੀ ਵਰ੍ਹੇ ਲਈ ਜਮ੍ਹਾ ਕੀਤੀਆਂ ਜਾਣਗੀਆਂ। ਯੂ.ਐਸ.ਸੀ.ਆਈ.ਐਸ. ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ H-1B ਪਟੀਸ਼ਨ ਦੀ ਪ੍ਰੀਮੀਅਮ ਪ੍ਰੋਸੈਸਿੰਗ ਲਈ ਵੱਖਰੇ ਤੌਰ 'ਤੇ ਸੂਚਿਤ ਕੀਤਾ ਜਾਵੇਗਾ।

ਵਿਭਾਗ ਨੇ ਸਾਫ਼ ਕੀਤਾ ਹੈ ਕਿ ਆਰਜ਼ੀ ਤੌਰ 'ਤੇ H-1B ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ ਨੂੰ ਬੰਦ ਕੀਤੇ ਜਾਣ ਨਾਲ ਇਸ ਪ੍ਰਕਿਰਿਆ ਨੂੰ ਪੂਰਾ ਹੋਣ ਵਿੱਚ ਲੱਗਣ ਵਾਲਾ ਸਮਾਂ ਵੀ ਘਟ ਜਾਵੇਗਾ।

H-1B ਇੱਕ ਗ਼ੈਰ ਪਰਵਾਸੀ ਵੀਜ਼ਾ ਹੈ, ਜਿਸ ਤਹਿਤ ਬਿਨੈਕਾਰ ਨੂੰ ਤਿੰਨ ਸਾਲ ਤਕ ਅਮਰੀਕਾ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਹਰ ਸਾਲ 65,000 H-1B ਵੀਜ਼ਾ ਦਿੱਤੇ ਜਾਂਦੇ ਹਨ। ਵਿਭਾਗ ਨੇ ਦੱਸਿਆ ਕਿ 2007 ਤੋਂ ਲੈ ਕੇ 2017 ਤਕ 2.2 ਮਿਲੀਅਨ ਭਾਰਤੀਆਂ ਨੇ H-1B ਵੀਜ਼ਾ ਲਈ ਬਿਨੈ ਕੀਤਾ ਹੈ। ਇਸੇ ਵਕਫ਼ੇ ਦੌਰਾਨ ਚੀਨ ਪਹਿਲੇ ਨੰਬਰ 'ਤੇ ਰਿਹਾ ਜਿੱਥੋਂ H-1B ਵੀਜ਼ਾ ਲਈ 301,000 ਬਿਨੈ ਕੀਤੇ ਗਏ ਸਨ।