ਬੋਸਟਨ: ਅਮਰੀਕਾ ਦੇ ਇੱਕ ਕਾਲਜ ਵਿੱਚ ਸਿੱਖ ਵਿਦਿਆਰਥੀ ਨਾਲ ਨਸਲੀ ਭੇਦਭਾਵ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ। ਪ੍ਰਸਿੱਧ ਹਾਰਵਰਡ ਲਾਅ ਸਕੂਲ ਵਿੱਚ ਪੜ੍ਹ ਰਹੇ 22 ਸਾਲਾ ਸਿੱਖ ਨੂੰ ਗਲਤੀ ਨਾਲ ਮੁਸਲਮਾਨ ਸਮਝ ਕੇ ਕੈਂਪਸ ਨੇੜਲੇ ਸਟੋਰ ਵਿੱਚ ਇੱਕ ਵਿਅਕਤੀ ਨੇ ਉਸ ਨਾਲ ਬਦਸਲੂਕੀ ਕੀਤੀ।


ਯੂਨੀਵਰਸਿਟੀ ਵਿੱਚ ਪਹਿਲੇ ਸਾਲ ਦਾ ਵਿਦਿਆਰਥੀ ਹਰਮਨ ਸਿੰਘ ਜਦੋਂ ਕੈਂਬਰਿਜ ਦੇ ਸਟੋਰ ਵਿੱਚ ਖਰੀਦਦਾਰੀ ਕਰ ਰਿਹਾ ਸੀ ਤਾਂ ਉਸ ਨੂੰ ਫੋਨ ਆ ਗਿਆ। ਜਦੋਂ ਹਰਮਨ ਸਿੰਘ ਫੋਨ ਉਤੇ ਗੱਲਬਾਤ ਦੌਰਾਨ ਕਰ ਰਿਹਾ ਸੀ ਤਾਂ ਇੱਕ ਵਿਅਕਤੀ ਆਇਆ ਤੇ ਉਸ ਨੇ ਕਾਊਂਟਰ ਪਿੱਛੇ ਖੜ੍ਹੇ ਕਲਰਕ ਨਾਲ ਗੱਲਬਾਤ ਦੌਰਾਨ ਗਾਲ੍ਹ ਵਜੋਂ ਕਿਹਾ ਕਿ ‘‘ਦੇਖੋ ਉਧਰ ਇੱਕ ਮੁਸਲਮਾਨ ਹੈ।’’

‘ਦ ਬੋਸਟਨ ਗਲੋਬ’ ਵਿੱਚ ਲਿਖੇ ਆਪਣੇ ਤਜਰਬੇ ਬਾਰੇ ਹਰਮਨ ਸਿੰਘ ਨੇ ਕਿਹਾ, ‘‘ਉਹ ਵਿਅਕਤੀ ਸਟੋਰ ਵਿੱਚ ਵੀ ਮੇਰੇ ਮਗਰ ਘੁੰਮਦਾ ਰਿਹਾ ਤੇ ਪੁੱਛਦਾ ਰਿਹਾ ਕਿ ਮੈਂ ਕਿਹੜੀ ਥਾਂ ਨਾਲ ਸਬੰਧਤ ਹਾਂ। ਸਟੋਰ ਵਿੱਚ ਕਿਸੇ ਨੇ ਵੀ ਉਸ ਨੂੰ ਨਹੀਂ ਰੋਕਿਆ। ਬਫਲੋ (ਨਿਊਯਾਰਕ) ਨਾਲ ਸਬੰਧਤ ਹਰਮਨ ਸਿੰਘ ਨੇ ਕਿਹਾ ਕਿ ਉਹ ਵਿਅਕਤੀ ਸਟੋਰ ਤੋਂ ਬਾਹਰ ਨਿਕਲਣ ਤੱਕ ਉਸ ਦੇ ਮਗਰ ਪਿਆ ਰਿਹਾ। ਉਸ ਨੇ ਲਿਖਿਆ ਕਿ ‘‘ਮੈਂ ਉਸ ਨੂੰ ਦੱਸਿਆ ਕਿ ਮੈਂ ਨਿਊਯਾਰਕ ਤੋਂ ਹਾਂ ਤੇ ਇੱਥੇ ਹੀ ਰਹਿੰਦਾ ਹਾਂ। ਜੇ ਉਸ ਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਮੈਂ ਮਦਦ ਕਰ ਸਕਦਾ ਹਾਂ।’’ ਇਸ ਮਗਰੋਂ ਉਸ ਵਿਅਕਤੀ ਨੇ ਕੋਈ ਜਵਾਬ ਨਾ ਦਿੱਤਾ ਤੇ ਹਰਮਨ ਸਿੰਘ ਕਾਹਲੀ ਨਾਲ ਸਟੋਰ ਵਿੱਚੋਂ ਨਿਕਲ ਗਿਆ।

ਇਸ ਤਰ੍ਹਾਂ ਇੱਕ ਭਾਰਤੀ ਮੂਲ ਦੀ ਮਹਿਲਾ ਨਾਲ ਵੀ ਨਸਲੀ ਭੇਦਭਾਵ ਦਾ ਮਾਮਲਾ ਸਾਹਮਣਾ ਆਇਆ ਹੈ। ਰਾਜਸਥਾਨ ਮੂਲ ਦੀ ਮਿਸ ਪੰਚੋਲੀ ਬਿਮਾਰੀ ਨਾਲ ਜੂਝ ਰਹੀ ਹੈ। ਇਸ ਕਾਰਨ ਉਸ ਨੂੰ ਸਿਰ 'ਤੇ ਕੱਪੜਾ ਬੰਨ੍ਹ ਕੇ ਰੱਖਣਾ ਪੈਂਦਾ ਹੈ। NBC ਨੂੰ ਆਪਣੀ ਕਹਾਣੀ ਦੱਸਦਿਆਂ 41 ਸਾਲਾ ਮਿਸ ਪੰਚੋਲੀ ਨੇ ਕਿਹਾ ਕਿ ਉਹ ਹਰ ਸਵੇਰ ਸੈਰ ਕਰਨ ਲਈ ਜਾਂਦੀ ਹੈ।

ਇੱਕ ਦਿਨ ਜਦੋਂ ਉਹ ਸੈਰ ਕਰਕੇ ਆਪਣੀ ਕਾਰ ਕੋਲ ਵਾਪਸ ਆਈ ਤਾਂ ਉਸ ਦੀ ਕਾਰ ਦੇ ਸ਼ੀਸ਼ੇ ਟੁੱਟੇ ਹੋਏ ਸਨ।ਕਾਰ ਵਿੱਚ ਰੱਖਿਆ ਸਮਾਨ ਵੀ ਗਾਇਬ ਸੀ। ਉਸ ਲਈ ਕਾਰ ਵਿੱਚ ਇੱਕ ਨੋਟ ਵੀ ਛੱਡਿਆ ਹੋਇਆ ਸੀ ਜਿਸਤੇ ਲਿਖਿਆ ਸੀ “Hijab-wearing b****,” and asking her to “get the f— out.” ਇਸ ਘਟਨਾ ਤੋਂ ਬਾਅਦ ਉਹ ਕਾਫੀ ਡਰੀ ਹੋਈ ਹੈ ਤੇ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ। ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਇਸਦੇ ਨਾਲ ਪਿਛਲੇ ਹਫਤੇ ਮਿਨੀਸੋਟਾ ਵਿੱਚ ਇੱਕ ਮੁਸਲਿਮ ਵਿਦਿਆਰਥਣ ਦੇ ਹਮਜਮਾਤੀ ਨੇ ਉਸਦੇ ਹਿਜਾਬ ਨੂੰ ਲਾਹ ਕੇ ਸੁੱਟ ਦਿੱਤਾ ਤੇ ਉਸ ਨੂੰ ਵਾਲਾਂ ਤੋਂ ਫੜ ਕੇ ਖਿੱਚਿਆ ਵੀ ਸੀ।