ਵੈਨਕੂਵਰ: ਕੈਨੇਡਾ ਵਿੱਚ ਵੀ ਨਸਲੀ ਹਮਲੇ ਤੇ ਨਫ਼ਰਤੀ ਅਪਰਾਧਾਂ ਦੀ ਗਿਣਤੀ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਸਟੈਟਿਸਟਿਕਸ ਕੈਨੇਡਾ ਨੇ ਵੀਰਵਾਰ ਨੂੰ ਕੁਝ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਅੰਕੜਿਆਂ ਵਿੱਚ ਦਰਸਾਇਆ ਗਿਆ ਹੈ ਕਿ ਕੈਨੇਡਾ ਵਿੱਚ ਨਫ਼ਰਤੀ ਅਪਰਾਧਾਂ ਪਹਿਲਾਂ ਦੇ ਮੁਕਾਬਲੇ ਵੱਧ ਹੋ ਗਏ ਹਨ ਅਤੇ ਇਹ ਵਾਧਾ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਏਜੰਸੀ ਦਾ ਕਹਿਣਾ ਹੈ ਕਿ ਇਹ ਨਫ਼ਰਤੀ ਅਪਰਾਧ ਮੁੱਖ ਤੌਰ 'ਤੇ ਕਾਲੀ ਚਮੜੀ ਵਾਲੇ ਲੋਕਾਂ, ਯਹੂਦੀਆਂ ਅਤੇ ਮੁਸਲਮਾਨ ਭਾਈਚਾਰੇ ਖਿਲਾਫ ਵਧੇ ਹਨ।


ਹਾਲਾਂਕਿ, ਧਾਰਮਿਕ ਲੀਡਰਾਂ ਮੁਤਾਬਕ ਇਹ ਹੈਰਾਨੀਜਨਕ ਨਹੀਂ ਹੈ। ਲੋਅਰ ਮੇਨਲੈਂਡ ਇਲਾਕੇ ਬਰਨਬੀ ਦੀ ਮਸਜਿਦ ਅਲ-ਸਲਾਮ ਦੇ ਇਮਾਮ ਯਾਹਿਆ ਮੋਮਲਾ ਨੇ ਆਖਿਆ ਹੈ ਕਿ ਬਦਕਿਸਮਤੀ ਨਾਲ ਇਹ ਅਜਿਹਾ ਮਾਮਲਾ ਹੈ, ਜਿਸ ਨੂੰ ਆਪਾਂ ਕਈ ਸਾਲਾਂ ਤੋਂ ਸਾਹਮਣੇ ਵੇਖ ਰਹੇ ਹਾਂ। ਉਨ੍ਹਾਂ ਕਿਹਾ ਕਿ ਹਾਲਾਂਕਿ ਉਹ ਸਮਝਦੇ ਹਨ ਕਿ, ਇਹ ਨਫ਼ਰਤੀ ਅਪਰਾਧ ਭਾਈਚਾਰੇ ਦੇ ਇੱਕ ਛੋਟੇ ਹਿੱਸੇ ਵੱਲੋਂ ਹੀ ਹੁੰਦੇ ਹਨ ਅਤੇ ਇਸੇ ਕਰਕੇ ਇਸ ਬਾਰੇ ਜ਼ਿਆਦਾ ਫਿਕਰ ਕਰਨ ਦੀ ਲੋੜ ਨਹੀਂ ਪਰ ਹੈ।

ਸਟੈਟਿਸਟਿਕਸ ਕੈਨੇਡਾ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ, ਸਾਲ 2016 ਅਤੇ 2017 ਵਿਚਾਲੇ ਮੁਸਲਮਾਨ ਭਾਈਚਾਰੇ ਖਿਲਾਫ ਨਫ਼ਰਤੀ ਅਪਰਾਧ ਦੁੱਗਣੇ ਹੋ ਗਏ। ਹਾਲਾਂਕਿ, ਇਸ ਸਾਲ ਇਨ੍ਹਾਂ ਅਪਰਾਧਾਂ ਵਿੱਚ ਗਿਰਾਵਟ ਦੱਸੀ ਗਈ। ਕਾਲੀ ਚਮੜੀ ਵਾਲੇ ਲੋਕਾਂ ਖ਼ਿਲਾਫ਼ ਹੋਣ ਵਾਲੇ ਨਫ਼ਰਤੀ ਅਪਰਾਧ ਦੇ ਅੰਕੜੇ ਦਰਸਾਉਂਦੇ ਹਨ ਕਿ ਸਾਲ 2017 ਵਿੱਚ ਇਨ੍ਹਾਂ ਲੋਕਾਂ ਖ਼ਿਲਾਫ਼ ਹੋਏ ਅਪਰਾਧ ਕੁੱਲ ਅੰਕੜੇ ਦਾ 16% ਸੀ। ਨਫ਼ਰਤੀ ਅਪਰਾਧਾਂ ਵਿੱਚ ਇਹ ਅੰਕੜਾ ਸਭ ਤੋਂ ਵੱਡਾ ਦੱਸਿਆ ਜਾ ਰਿਹਾ ਹੈ।

ਯਹੂਦੀਆਂ ਖਿਲਾਫ ਵੀ ਨਫਰਤੀ ਅਪਰਾਧਾਂ ਵਿਚ ਵਾਧਾ ਹੋਇਆ ਹੈ ਅਤੇ ਇਨ੍ਹਾਂ ਖ਼ਿਲਾਫ਼ ਕੁੱਲ ਅੰਕੜੇ ਦੇ 18% ਅਪਰਾਧ ਹੋਏ ਦੱਸੇ ਗਏ ਹਨ। ਹਾਲਾਂਕਿ, ਇਨ੍ਹਾਂ ਵਿਚ ਜ਼ਿਆਦਾ ਅਪਰਾਧ ਹਿੰਸਕ ਨਹੀਂ ਸਨ ਅਤੇ ਜ਼ਿਆਦਾ ਮੌਕਿਆਂ 'ਤੇ ਬਹਿਸਬਾਜ਼ੀ ਜਾਂ ਟਿੱਪਣੀਆਂ ਕੀਤੇ ਜਾਣ ਦੇ ਮਾਮਲੇ ਹੀ ਉਜਾਗਰ ਹੋਏ ਹਨ।