ਇਸਲਾਮਾਬਾਦ: ਬੀਤੇ ਕੱਲ੍ਹ ਯਾਨੀ 28 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਗਲਿਆਰੇ ਦਾ ਨੀਂਹ ਪੱਥਰ ਰੱਖ ਚੁੱਕੀ ਪਾਕਿਸਤਾਨ ਸਰਕਾਰ ਨੇ ਅੱਜ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ ਸਰਕਾਰ ਹਿੰਦੀ ਸਿਨੇਮਾ ਜਗਤ ਦੇ ਦਿੱਗਜ ਕਲਾਕਾਰ ਪ੍ਰਿਥਵੀ ਰਾਜ ਕਪੂਰ ਦੀ ਜੱਦੀ ਰਿਹਾਇਸ਼ ਨੂੰ ਅਜਾਇਬ ਘਰ ਵਿੱਚ ਤਬਦੀਲ ਕਰਨ ਜਾ ਰਹੀ ਹੈ।
ਪਾਕਿਸਤਾਨ ਦੇ ਪੇਸ਼ਾਵਰ ਦੇ ਕਿੱਸਾ ਖ਼ਵਾਨੀ ਬਾਜ਼ਾਰ ਸਥਿਤ ਹਵੇਲੀ ਬਾਲੀਵੁੱਡ ਦੇ ਕਪੂਕ ਖ਼ਾਨਦਾਨ ਦੇ ਵੱਡੇ ਸਿਤਾਰੇ ਰਾਜ ਕਪੂਰ, ਸ਼ੰਮੀ ਕਪੂਰ ਤੇ ਸ਼ਸ਼ੀ ਕਪੂਰ ਦਾ ਜੱਦੀ ਘਰ ਰਹੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਉਕਤ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਰਿਸ਼ੀ ਕਪੂਰ ਦੀ ਅਪੀਲ ਮਿਲੀ ਸੀ ਕਿ ਉਨ੍ਹਾਂ ਦੀ ਪੁਸ਼ਤੈਨੀ ਹਵੇਲੀ ਨੂੰ ਇੱਕ ਅਜਾਇਬਘਰ ਦਾ ਰੂਪ ਦੇ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੀ ਇਸ ਮੰਗ ਨੂੰ ਪ੍ਰਵਾਨ ਕਰ ਲਿਆ ਹੈ ਤੇ ਛੇਤੀ ਹੀ ਇਸ 'ਤੇ ਕੰਮ ਕਰਨ ਜਾ ਰਹੇ ਹਾਂ।
ਰਿਸ਼ੀ ਕਪੂਰ ਪਾਕਿਸਤਾਨ ਦੀ ਪਿਛਲੀ ਸਰਕਾਰ ਨੂੰ ਹਵੇਲੀ ਦੀ ਕਾਇਆ ਕਲਪ ਕਰਨ ਬਾਰੇ ਬੇਨਤੀ ਕਰ ਚੁੱਕੇ ਸਨ, ਪਰ ਉਦੋਂ ਇਹ ਸੰਭਵ ਨਾ ਹੋ ਸਕਿਆ। ਕਪੂਰਾਂ ਦੀ ਇਹ ਹਵੇਲੀ ਰਾਜ ਕਪੂਰ, ਸ਼ੰਮੀ ਕਪੂਰ ਅਤੇ ਸ਼ਸ਼ੀ ਕਪੂਰ ਦੇ ਪਿਤਾ ਪ੍ਰਿਥਵੀਰਾਜ ਕਪੂਰ ਦੇ ਪਿਤਾ ਯਾਨੀ ਕਿ ਦਾਦਾ ਬਸ਼ੇਸ਼ਵਰ ਨਾਥ ਕਪੂਰ ਨੇ ਪੇਸ਼ਾਵਰ ਬਣਵਾਈ ਸੀ। ਇਹ ਹਵੇਲੀ ਪੰਜ-ਮੰਜ਼ਿਲਾ ਇਮਾਰਤ ਅਤੇ ਅੱਜ ਵੀ ਪੇਸ਼ਾਵਰ ਦੀਆਂ ਉੱਚੀਆਂ ਇਮਾਰਤਾਂ ਵਿੱਚ ਇਸ ਹਵੇਲੀ ਦਾ ਨਾਂਅ ਆਉਂਦਾ ਹੈ। ਹਵੇਲੀ ਦੇ 60 ਕਮਰੇ ਅੱਜ ਵੀ ਸਹੀ ਸਲਾਮਤ ਹਨ। ਸੰਨ 1924 ਵਿੱਚ ਦਿੱਗਜ ਫ਼ਿਲਮੀ ਕਲਾਕਾਰ ਰਾਜ ਕਪੂਰ ਦਾ ਵੀ ਇਸੇ ਹਵੇਲੀ `ਚ ਹੀ ਹੋਇਆ ਸੀ। ਪਰ ਦੇਸ਼ ਵੰਡ ਤੋਂ ਬਾਅਦ ਕਪੂਰ ਪਰਿਵਾਰ ਭਾਰਤ ਆ ਗਿਆ ਅਤੇ ਇੱਥੇ ਰਾਜ ਕਪੂਰ 1960ਵੇਂ ਦਹਾਕੇ ਵਿੱਚ ਸ਼ਾਨਦਾਰ ਫ਼ਿਲਮਾਂ ਬਣਾਈਆਂ।