ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਸਾਹਿਬ ਗਲਿਆਰੇ ਦੇ ਨੀਂਹ ਪੱਥਰ ਤੋਂ ਬਾਅਦ ਭਾਰਤ ਨਾਲ ਗੱਲਬਾਤ ਸ਼ੁਰੂ ਨਾ ਕਰਨ ਦਾ ਗਿਲਾ ਕਰਦਿਆਂ ਖੱਲ੍ਹਾ ਸੱਦਾ ਦਿੱਤਾ ਹੈ। ਇਮਰਾਨ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਕਿ ਭਾਰਤ ਉਨ੍ਹਾਂ ਨਾਲ ਕੋਈ ਸਮਝੌਤਾ ਤਾਂ ਕਰੇ, ਉਹ ਕਦੇ ਵੀ ਪਿੱਛੇ ਨਹੀਂ ਹਟਣਗੇ। ਹਾਲਾਂਕਿ, ਇਸ ਮੌਕੇ ਵੀ ਉਨ੍ਹਾਂ ਕਸ਼ਮੀਰ ਦਾ ਮੁੱਦਾ ਵੀ ਚੁੱਕਿਆ।


ਇਹ ਵੀ ਪੜ੍ਹੋ: ਪਾਕਿ ਵੱਲੋਂ ਭਾਰਤ ਲਈ ਮੁੜ ਦੋਸਤੀ ਦਾ ਪੈਗ਼ਾਮ, ਮੋਦੀ ਵਿਖਾਉਣਗੇ ਵੱਡਾ ਦਿਲ?

ਇਮਰਾਨ ਖ਼ਾਨ ਨੇ ਕਿਹਾ ਕਿ ਕਸ਼ਮੀਰ ਇੱਕ ਮੁੱਦਾ ਹੈ, ਪਰ ਜਦੋਂ ਵੀ ਇਸ ਦਾ ਜ਼ਿਕਰ ਹੁੰਦਾ ਹੈ ਤਾਂ ਭਾਰਤ ਸਭ ਕੁਝ ਠੱਪ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਗੱਲਬਾਤ ਨਹੀਂ ਸ਼ੁਰੂ ਹੁੰਦੀ ਦੋਵੇਂ ਦੇਸ਼ਾਂ ਦੇ ਮਸਲੇ ਕਿੰਝ ਸੁਲਝਣਗੇ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਚੋਣਾਂ ਆਉਣ ਵਾਲੀਆਂ ਹਨ ਤੇ ਉਹ ਗੱਲਬਾਤ ਲਈ ਅਗਲੇ ਸਾਲ ਅਪਰੈਲ ਤਕ ਦਾ ਇੰਤਜ਼ਾਰ ਕਰਨਗੇ।

ਸਬੰਧਤ ਖ਼ਬਰ: ਪਾਕਿਸਤਾਨ ਨੇ ਵੀ ਰੱਖਿਆ ਕਰਤਾਰਪੁਰ ਗਲਿਆਰੇ ਦਾ ਨੀਂਹ ਪੱਥਰ

ਪਾਕਿ ਪ੍ਰਧਾਨ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਨਹੀਂ ਚਾਹੁੰਦੇ ਕਿ ਦਹਿਸ਼ਤੀ ਗਤੀਵਿਧੀਆਂ ਲਈ ਪਾਕਿਸਤਾਨ ਦੀ ਜ਼ਮੀਨ ਵਰਤੀ ਜਾਵੇ। ਇਸ ਲਈ ਅਫ਼ਗਾਨਿਸਤਾਨ ਨਾਲ ਲੱਗਦੀ ਸਰਹੱਦ ਸੀਲ ਕਰਨ ਜਾ ਰਹੇ ਹਨ। ਇਮਰਾਨ ਨੇ ਕਿਹਾ ਕਿ ਮੋਦੀ ਨਾਲ ਗੱਲ ਕਰਨ ਲਈ ਉਹ ਹਰ ਵੇਲੇ ਤਿਆਰ ਹਨ, ਪਰ ਭਾਰਤ ਦੀ ਮਾਨਸਿਕਤਾ ਨਹੀਂ ਬਦਲ ਰਹੀ।

ਇਹ ਵੀ ਪੜ੍ਹੋ: ਭਾਰਤ-ਪਾਕਿ ਵਿਚਾਲੇ ਅਮਨ ਦੇ ਰਾਹ ਖੋਲ੍ਹੇਗਾ ਗੁਰੂ ਨਾਨਕ ਦਾ ਵਰੋਸਾਇਆ ਕਰਤਾਰਪੁਰ ਸਾਹਿਬ

ਉਨ੍ਹਾਂ ਕਿਹਾ ਕਿ ਵੱਡੇ ਕਦਮ ਪੁੱਟਣ ਲਈ ਅਸੀਂ ਤਿਆਰ ਹਾਂ ਪਰ ਦੂਜੇ ਪਾਸਿਓਂ ਵੀ ਹੁੰਗਾਰਾ ਤਾਂ ਮਿਲਣਾ ਚਾਹੀਦਾ ਹੈ। ਇਮਰਾਨ ਨੇ ਸਾਬਕਾ ਪ੍ਰਧਾਨ ਮੰਤਰੀ ਨਟਵਰ ਸਿੰਘ ਤੇ ਮਨਮੋਹਨ ਸਿੰਘ ਦੌਰਾਨ ਦੋਵਾਂ ਦੇਸ਼ਾਂ ਦੇ ਸੁਧਰੇ ਸਬੰਧਾਂ ਜ਼ਿਕਰ ਕਰਦਿਆਂ ਕਿਹਾ ਕਿ ਉਦੋਂ ਕਸ਼ਮੀਰ ਮੁੱਦਾ ਹੱਲ ਹੁੰਦਾ ਹੁੰਦਾ ਰਹਿ ਗਿਆ।

ਇਮਰਾਨ ਖ਼ਾਨ ਨੇ ਕਿਹਾ ਕਿ ਜਿਸ ਸਮੇਂ ਉਨ੍ਹਾਂ ਪੀਐਮ ਦੇ ਅਹੁਦੇ ਦਾ ਹਲਫ਼ ਲਿਆ ਸੀ, ਉਦੋਂ ਹੀ ਧਾਰ ਲਿਆ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ ਹੈ, ਪਰ ਭਾਰਤ ਨੇ ਇਸ ਵਿੱਚ ਵੀ ਦੇਰੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਨੇ ਯੂਐਨ 'ਚ ਹੋਣ ਵਾਲੀ ਬੈਠਕ ਨੂੰ ਵੀ ਰੱਦ ਕਰ ਦਿੱਤਾ ਸੀ। ਪਰ ਫਿਰ ਵੀ ਉਹ ਹੁਣ ਭਾਰਤ ਨੂੰ ਅੱਗੇ ਵਧਣ ਲਈ ਹਾਕਾਂ ਮਾਰ ਰਹੇ ਹਨ।