ਹਿਊਸਟਨ: ਮੋਦੀ ਦੇ ਦੌਰੇ ਤੋਂ ਪਹਿਲਾਂ ਅਮਰੀਕਾ ਦਾ ਹਿਊਸਟਨ ਸ਼ਹਿਰ ਹੜ੍ਹ ‘ਚ ਡੁੱਬਿਆ ਹੋਇਆ ਹੈ। ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 26 ਸਤੰਬਰ ਨੂੰ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਾ ਹੈ। ਪਿਛਲੇ ਤਿੰਨ ਦਿਨ ਤੋਂ ਹਿਊਸਟਨ ‘ਚ ਭਾਰੀ ਬਾਰਸ਼ ਹੋਈ ਹੈ। ਇਸ ਕਰਕੇ ਸ਼ਹਿਰ ਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਜੇਕਰ ਅਜਿਹੇ ਹਾਲਾਤ ਰਹੇ ਤਾਂ ਇਸ ਦਾ ਅਸਰ ਹਾਓਡੀ ਮੋਦੀ ਪ੍ਰੋਗਰਾਮ ‘ਤੇ ਪੈ ਸਕਦਾ ਹੈ।

ਹਿਊਸਟਨ ‘ਚ ਪੀਐਮ ਮੋਦੀ ਦਾ ਪ੍ਰੋਗਰਾਮ ਐਨਆਰਜੀ ਸਟੇਡੀਅਮ ‘ਚ ਹੋਵੇਗਾ। ਇਸ ਸਟੇਡੀਅਮ ਦੇ ਨੇੜੇ ਦਾ ਇਲਾਕਾ ਵੀ ਪਾਣੀ ਨਾਲ ਭਰ ਗਿਆ ਹੈ। ਈਸਟਰਨ ਦੇ ਕਈ ਇਲਾਕਿਆਂ ‘ਚ ਪਾਣੀ 10 ਫੁੱਟ ਤਕ ਭਰ ਗਿਆ ਸੀ, ਜਿਸ ਕਰਕੇ ਟ੍ਰੈਫਿਕ ਸਿਗਨਲ ਵੀ ਹੜ੍ਹ ਦੇ ਪਾਣੀ ‘ਚ ਆ ਗਏ ਸੀ। ਹਿਊਸਟਨ ‘ਚ ਕਾਰਾਂ ਪਾਣੀ ‘ਚ ਡੁੱਬਦੀਆਂ ਨਜ਼ਰ ਆਈਆਂ।

ਹਿਊਸਟਨ ਦੇ ਸ਼ੂਗਰ ਲੈਂਡ ਇਲਾਕੇ ‘ਚ ਇੰਨਾ ਪਾਣੀ ਭਰ ਗਿਆ ਕਿ ਲੋਕਾਂ ਨੂੰ ਘਰਾਂ ਤੋਂ ਬਾਹਰ ਜਾਣ ਲਈ ਕਿਸ਼ਤੀਆਂ ਦਾ ਸਹਾਰਾ ਲੈਣਾ ਪਿਆ। ਅਜਿਹੇ ਹੀ ਹਾਲਾਤ ਇਲਾਕੇ ਦੇ ਕਈ ਸ਼ਹਿਰਾਂ ‘ਚ ਦੇਖਣ ਨੂੰ ਮਿਲੇ। ਪ੍ਰਸਾਸ਼ਨ ਨੇ ਪਾਣੀ ਦੀ ਰਫ਼ਤਾਰ ਨੂੰ ਵੇਖਦੇ ਹੋਏ ਅਗਲੇ ਹੁਕਮ ਤਕ ਸਥਾਨਕ ਮੈਟਰੋ ਤੇ ਬਸ ਸੇਵਾ ਨੂੰ ਬੰਦ ਕਰ ਦਿੱਤਾ ਹੈ।

ਇੰਨਾ ਹੀ ਨਹੀਂ ਸਥਾਨਕ ਸਕੂਲਾਂ ‘ਚ ਵੀ ਛੁੱਟੀ ਐਲਾਨ ਦਿੱਤੀ ਗਈ ਹੈ। ਛੁੱਟੀਆਂ ਅਗਲੇ ਸ਼ੁੱਕਰਵਾਰ ਤਕ ਹਨ। ਅਗਲੇ ਦੋ ਦਿਨਾਂ ‘ਚ ਟੈਕਸਾਸ ਇਲਾਕੇ ‘ਚ ਹੜ੍ਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਜਾਣ ਲਈ ਕਿਹਾ ਗਿਆ ਹੈ।