Nepal Helicopter Accident : ਨੇਪਾਲ ਵਿੱਚ ਮੰਗਲਵਾਰ ਸਵੇਰੇ ਲਾਪਤਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ , ਜਿਸ ਦਾ ਮਲਬਾ ਬਰਾਮਦ ਕਰ ਲਿਆ ਗਿਆ ਹੈ। ਰਿਪੋਰਟ ਮੁਤਾਬਕ ਹੈਲੀਕਾਪਟਰ 'ਚ ਸਵਾਰ ਸਾਰਿਆਂ ਦੀ ਮੌਤ ਹੋ ਗਈ ਹੈ। ਸਾਰੇ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰ ਵਿੱਚ ਪੰਜ ਵਿਦੇਸ਼ੀ ਨਾਗਰਿਕ ਸਵਾਰ ਸਨ।

 

ਨੇਪਾਲ ਦੀ ਖੋਜ ਟੀਮ ਨੇ ਕਰੈਸ਼ ਹੋਏ ਹੈਲੀਕਾਪਟਰ ਦਾ ਮਲਬਾ ਬਰਾਮਦ ਕਰ ਲਿਆ ਹੈ। ਕੋਸ਼ੀ ਪ੍ਰਾਂਤ ਪੁਲਿਸ ਦੇ ਡੀਆਈਜੀ ਰਾਜੇਸ਼ਨਾਥ ਬਸਤੋਲਾ ਨੇ ਏਐਨਆਈ ਨੂੰ ਦੱਸਿਆ ਕਿ 'ਪਿੰਡ ਵਾਸੀਆਂ ਨੇ ਨੇਪਾਲ ਖੋਜ ਟੀਮ ਨੂੰ ਹੈਲੀਕਾਪਟਰ ਹਾਦਸੇ ਦੀ ਸੂਚਨਾ ਦਿੱਤੀ। ਜ਼ਿਕਰਯੋਗ ਹੈ ਕਿ ਮਨੰਗ ਏਅਰ ਦੇ ਇਸ ਹੈਲੀਕਾਪਟਰ ਨੇ ਮੰਗਲਵਾਰ ਸਵੇਰੇ 10.10 ਮਿੰਟ 'ਤੇ ਉਡਾਨ ਭਰੀ ਸੀ, ਜਿਸ ਦੇ 15 ਮਿੰਟ ਬਾਅਦ ਹੈਲੀਕਾਪਟਰ ਦਾ ਸੰਪਰਕ ਟੁੱਟ ਗਿਆ ਸੀ।

 

ਇਸ ਤਰ੍ਹਾਂ ਹੋਇਆ ਹੈਲੀਕਾਪਟਰ ਕ੍ਰੈਸ਼ 


ਪੁਲਸ ਅਧਿਕਾਰੀ ਨੇ ਦੱਸਿਆ ਕਿ ਮਨੰਗ ਏਅਰ ਹੈਲੀਕਾਪਟਰ ਦਾ ਮੰਗਲਵਾਰ ਸਵੇਰੇ ਸੰਪਰਕ ਟੁੱਟ ਗਿਆ ਸੀ ਅਤੇ ਸੋਲੁਖੁੰਬੂ ਜ਼ਿਲੇ ਦੇ ਲਿਖੁਪੀਕੇ ਗ੍ਰਾਮੀਣ ਨਗਰਪਾਲਿਕਾ ਦੇ ਲਾਮਜੁਰਾ 'ਚ ਹਾਦਸਾਗ੍ਰਸਤ ਹੋ ਗਿਆ। ਪੁਲਸ ਅਧਿਕਾਰੀ ਮੁਤਾਬਕ ਅਜਿਹਾ ਲੱਗਦਾ ਹੈ ਕਿ ਹੈਲੀਕਾਪਟਰ ਪਹਾੜ ਦੀ ਚੋਟੀ 'ਤੇ ਇਕ ਦਰੱਖਤ ਨਾਲ ਟਕਰਾ ਗਿਆ ਹੈ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਰਾਜੇਸ਼ਨਾਥ ਬਸਤੋਲਾ ਨੇ ਕਿਹਾ ਹੈ ਕਿ ਬਰਾਮਦ ਹੋਈਆਂ ਲਾਸ਼ਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਮਨੰਗ ਏਅਰ ਦੇ ਸੰਚਾਲਕ ਅਤੇ ਸੁਰੱਖਿਆ ਪ੍ਰਬੰਧਕ ਰਾਜੂ ਨਿਊਪੇਨ ਮੁਤਾਬਕ ਹੈਲੀਕਾਪਟਰ 'ਤੇ ਕੈਪਟਨ ਚੇਤ ਬਹਾਦੁਰ ਗੁਰੂੰਗ ਦੇ ਨਾਲ ਪੰਜ ਮੈਕਸੀਕਨ ਨਾਗਰਿਕ ਸਵਾਰ ਸਨ। ਜਿਨ੍ਹਾਂ ਦੀ ਮੌਤ ਹੋ ਗਈ ਹੈ।

 

ਅਚਾਨਕ ਟੁੱਟ ਗਿਆ ਸੰਪਰਕ  


ਮਹੱਤਵਪੂਰਨ ਗੱਲ ਇਹ ਹੈ ਕਿ ਜੋ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ, ਉਹ ਪੰਜ ਵਿਦੇਸ਼ੀ ਸੈਲਾਨੀਆਂ ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਯਾਤਰਾ 'ਤੇ ਲੈ ਜਾ ਰਿਹਾ ਸੀ। ਰਿਪੋਰਟਾਂ ਮੁਤਾਬਕ ਹੈਲੀਕਾਪਟਰ ਸੋਲੁਖੁੰਬੂ ਤੋਂ ਕਾਠਮੰਡੂ ਦੀ ਯਾਤਰਾ ਦੌਰਾਨ ਲਾਪਤਾ ਹੋ ਗਿਆ ਸੀ। ਕਾਠਮੰਡੂ ਪੋਸਟ ਦੀ ਰਿਪੋਰਟ ਮੁਤਾਬਕ ਲਾਪਤਾ ਹੈਲੀਕਾਪਟਰ ਦਾ ਸਵੇਰੇ ਕਰੀਬ 10:15 ਵਜੇ ਕੰਟਰੋਲ ਟਾਵਰ ਨਾਲ ਸੰਪਰਕ ਟੁੱਟ ਗਿਆ। ਤੁਹਾਨੂੰ ਦੱਸ ਦੇਈਏ ਕਿ ਉੱਚੇ ਪਹਾੜਾਂ ਦੇ ਕਾਰਨ ਨੇਪਾਲ ਵਿੱਚ ਜਹਾਜ਼ ਹਾਦਸੇ ਦੀ ਖਬਰ ਆਉਂਦੀ ਰਹਿੰਦੀ ਹੈ।