ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ 20 ਜਨਵਰੀ ਨੂੰ ਸਹੁੰ ਚੁੱਕਣਗੇ ਪਰ ਇਸ ਸਮਾਰੋਹ ਤੋਂ ਪਹਿਲਾਂ, ਕੋਲੰਬੀਆ ਸਮੇਤ ਅਮਰੀਕਾ ਦੇ ਸਾਰੇ 50 ਰਾਜਾਂ 'ਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਹਿੰਸਾ ਦੇ ਡਰੋਂ ਸਾਰੇ ਰਾਜਾਂ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।

6 ਜਨਵਰੀ ਨੂੰ ਕੈਪੀਟੋਲ ਹਿੱਲ ਦੇ ਹੋਏ ਦੰਗਿਆਂ ਦੇ ਮੱਦੇਨਜ਼ਰ ਦੇਸ਼ ਭਰ ਤੋਂ ਨੈਸ਼ਨਲ ਗਾਰਡ ਦੀਆਂ ਟੁਕੜੀਆਂ ਨੂੰ ਵਾਸ਼ਿੰਗਟਨ ਭੇਜਿਆ ਗਿਆ ਹੈ। ਕੋਲੰਬੀਆ ਨੂੰ ਇੱਕ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਥੇ ਹੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡੇਨ ਦਾ ਸਹੁੰ ਚੁੱਕ ਸਮਾਰੋਹ ਹੋਣਾ ਹੈ।

ਯੂਐਸ ਸੁਰੱਖਿਆ ਏਜੰਸੀ ਐਫਬੀਆਈ ਨੇ ਟਰੰਪ ਦੇ ਸਮਰਥਕਾਂ ਅਤੇ ਪ੍ਰਦਰਸ਼ਨਕਾਰੀਆਂ ਵਲੋਂ ਸਾਰੇ 50 ਰਾਜਾਂ ਦੀਆਂ ਰਾਜਧਾਨੀਆਂ ਵਿੱਚ ਸੰਭਾਵਿਤ ਹਥਿਆਰਬੰਦ ਮਾਰਚਾਂ ਦੀ ਚੇਤਾਵਨੀ ਦਿੱਤੀ ਹੈ। ਡੀਸੀ ਵਿਚਲਾ ਨੈਸ਼ਨਲ ਮਾਲ ਸਾਵਧਾਨੀ ਦੇ ਉਪਾਅ ਵਜੋਂ ਬੰਦ ਕੀਤਾ ਗਿਆ ਹੈ। ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ।

ਸਖ਼ਤ ਸੁਰੱਖਿਆ ਦੇ ਵਿਚਕਾਰ ਰਾਜਧਾਨੀ ਦੀਆਂ ਸੜਕਾਂ 'ਤੇ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਬਾਈਡੇਨ ਦੀ ਟੀਮ ਪਹਿਲਾਂ ਹੀ ਨਾਗਰਿਕਾਂ ਨੂੰ ਕੋਰੋਨਾ ਮਹਾਮਾਰੀ ਦੇ ਕਾਰਨ ਰਾਜਧਾਨੀ ਦੀ ਯਾਤਰਾ ਕਰਨ ਤੋਂ ਪਰਹੇਜ਼ ਕਰਨ ਦੀ ਅਪੀਲ ਕਰ ਚੁੱਕੀ ਹੈ। ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਤੋਂ ਹੀ ਸਮਾਗਮ ਨੂੰ ਵੇਖਣ।