ਚੰਡੀਗੜ੍ਹ: ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਬੀਤੇ ਦਿਨ ਭਾਰਤ ਦਾ ਨਾਂਅ ਸੁਨਹਿਰੀ ਅੱਖਰਾਂ ਵਿੱਚ ਦਰਜ ਹੋ ਗਿਆ, ਜਦੋਂ ਅਸਮ ਦੀ ਰਹਿਣ ਵਾਲੀ ਹਿਮਾ ਦਾਸ ਨੇ 400 ਮੀਟਰ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। 18 ਸਾਲਾ ਦੌੜਾਕ ਨੇ ਫਿਨਲੈਂਡ ਦੇ ਟੈਂਪੇਰੇ ਵਿੱਚ ਅੰਡਰ 20 ਵਰਗ ਵਿੱਚ ਦੌੜਦਿਆਂ ਗੋਲਡ ਮੈਡਲ ਦੇਸ਼ ਦੇ ਨਾਂਅ ਕੀਤਾ।


ਹਿਮਾ ਦਾਸ ਨੇ ਇਹ ਕਰਿਸ਼ਮਾ 400 ਮੀਟਰ ਦੇ ਟ੍ਰੈਕ ਨੂੰ 51.46 ਸੈਕੰਡ ਵਿੱਚ ਸਰ ਕਰਦਿਆਂ ਕੀਤਾ। ਰੋਮਾਨੀਆ ਦੀ ਐਂਡਰਾ ਮਿਕਲੋਸ ਨੇ 52.07 ਸੈਕੰਡਸ ਵਿੱਚ 400 ਮੀਟਰ ਦੌੜ ਪੂਰੀ ਕਰਦਿਆਂ ਦੂਜਾ ਤੇ ਅਮਰੀਕਾ ਦੀ ਟੇਲਰ ਮੈਨਸਨ ਨੇ 52.28 ਸੈਕੰਡ ਵਿੱਚ ਦੌੜ ਪੂਰੀ ਕਰ ਤੀਜਾ ਸਥਾਨ ਮੱਲਿਆ।



ਅਸਮ ਦੀ ਇਹ ਮੁਟਿਆਰ ਅਪ੍ਰੈਲ ਮਹੀਨੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਇਸੇ ਮੁਕਾਬਲੇ 'ਚ ਛੇਵੇਂ ਸਥਾਨ 'ਤੇ ਰਹੀ ਸੀ। ਉਦੋਂ ਹਿਮਾ ਨੇ ਭਾਰਤੀ ਦੌੜਾਕਾਂ ਵਿੱਚੋਂ ਅੱਵਲ ਆਉਂਦਿਆਂ ਅੰਡਰ 20 ਵਰਗ ਵਿੱਚ 51.32 ਸੈਕੰਡ ਵਿੱਚ 400 ਮੀਟਰ ਦੀ ਦੌੜ ਪੂਰੀ ਕਰਦਿਆਂ ਰਿਕਾਰਡ ਕਾਇਮ ਕੀਤਾ ਸੀ।

ਹਿਮਾ ਦੇ ਕੋਚ ਨਿਪੋਨ ਦਾਸ ਨੇ ਕਿਹਾ ਕਿ ਟ੍ਰੈਕ ਦੇ ਆਖ਼ਰੀ ਮੋੜ 'ਤੇ ਜਦ ਹਿਮਾ ਪਹਿਲੇ ਤਿੰਨਾ ਵਿੱਚ ਨਹੀਂ ਸੀ ਤਾਂ ਉਨ੍ਹਾਂ ਨੂੰ ਖ਼ਾਸ ਚਿੰਤਾ ਨਹੀਂ ਸੀ ਹੋਈ। ਉਨ੍ਹਾਂ ਕਿਹਾ ਕਿ ਹਿਮਾ ਦੇ ਹੁਨਰ 'ਤੇ ਯਕੀਨ ਸੀ ਤੇ ਉਸ ਨੇ ਇਹ ਸੱਚ ਕਰ ਵਿਖਾਇਆ।