ਇੱਕ ਗੈਰ ਫਾਇਦੇਮੰਦ ਸੰਗਠਨ ਆਲ ਪਾਕਿਸਤਾਨ ਹਿੰਦੂ ਪੰਚਾਇਤ ਨੇ ਫੇਸਬੁੱਕ ਪੋਸਟ ‘ਚ ਦਾਅਵਾ ਕੀਤਾ ਕਿ ਰੇਣੁਕਾ ਕੁਮਾਰੀ ਨੂੰ 29 ਅਗਸਤ ਨੂੰ ਸੁਕੂਰ ਦੇ ਇੰਸਟੀਚਿਊਟ ਆਫ਼ ਬਿਜਨੈਸ ਐਡਮਿਨਸਟ੍ਰੇਸ਼ਨ ਤੋਂ ਅਗਵਾ ਕੀਤਾ ਗਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਸੰਸਥਾਨ ਤੋਂ ਅਗਵਾ ਕੀਤਾ ਗਿਆ। ਰੇਣੁਕਾ ਉੱਥੇ ਬਿਜਨੈਸ ‘ਚ ਗ੍ਰੈਜੂਏਸ਼ਨ ਕਰ ਰਹੀ ਸੀ।
ਉਨ੍ਹਾਂ ਨੇ ਕਿਹਾ, “ਸਾਡੀ ਜਾਣਕਾਰੀ ਮੁਤਾਬਕ ਇਹ ਸਿੰਧ ਖੇਤਰ ‘ਚ ਹਿੰਦੂ ਕੁੜੀ ਨੂੰ ਅਗਵਾ ਕਰਨ ਤੇ ਜਬਰਨ ਇਸਲਾਮ ਕਰਵਾਉਣ ਦਾ ਦੂਜਾ ਮਾਮਲਾ ਹੈ।” ਕੁੜੀ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਰੇਣੁਕਾ ਦੇ ਨਾਲ ਪੜ੍ਹਨ ਵਾਲੇ ਵਿਦਿਆਰਥੀ ਬਾਬਰ ਅਮਨ ਦਾ ਹੱਥ ਹੈ। ਪੁਲਿਸ ਨੇ ਪੁੱਛਗਿੱਛ ਲਈ ਉਸ ਦੇ ਭਰਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਅਜੇ ਇਹ ਪਤਾ ਨਹੀ ਚਲ ਰਿਹਾ ਕਿ ਕੁੜੀ ਆਪ ਗਈ ਹੈ ਜਾਂ ਉਸ ਨੂੰ ਅਗਵਾ ਕੀਤਾ ਗਿਆ ਹੈ। ਪਾਕਿ ‘ਚ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਮਾਮਲੇ ਦੇ ਵਿਰੋਧ ‘ਚ ਸਿੰਧ ਦੇ ਹਿੰਦੂਆਂ ਨੇ ਪ੍ਰਦਰਸ਼ਨ ਵੀ ਕੀਤਾ।